Babushahi Special : ਜਦੋਂ ਕਾਨੂੰਨ ਦਾ ਚੱਲਿਆ ਡੰਡਾ ਤਾਂ ਦਬਕੇ ਮਾਰਨ ਵਾਲਿਆਂ ਤੇ ਕਸਿਆ ਬਿਮਾਰੀਆਂ ਨੇ ਸ਼ਿਕੰਜਾ
ਅਸ਼ੋਕ ਵਰਮਾ
ਬਠਿੰਡਾ, 12 ਨਵੰਬਰ 2025: ਪੰਜਾਬ ਵਿੱਚ ਆਪਣੀ ਸਰਕਾਰੀ ਕੁਰਸੀ ਤੇ ਬੈਠਿਆਂ ਆਮ ਆਦਮੀ ਨੂੰ ਦਬਕੇ ਮਾਰਨ ਵਾਲੇ ਅਫਸਰਾਂ ਦੀ ਕਾਨੂੰਨ ਦਾ ਸ਼ਿਕੰਜਾ ਸਿਹਤ ਵਿਗਾੜ ਦਿੰਦਾ ਹੈ। ਇਹੋ ਹਾਲ ਸਟੇਜਾਂ ਤੇ ਦਮਗਜ਼ੇ ਮਾਰਨ ਵਾਲੇ ਸਿਆਸੀ ਨੇਤਾਵਾਂ ਦਾ ਹੈ ਜੋ ਵਿਜੀਲੈਂਸ ਵੱਲੋਂ ਤਲਬ ਕਰਨ ਦੇ ਨੋਟਿਸ ਮਿਲਣ ਤੋਂ ਬਾਅਦ ਆਪਣੀ ਕਮਜ਼ੋਰ ਜਾਂ ਖਰਾਬ ਸਿਹਤ ਦਾ ਹਵਾਲਾ ਦੇਣ ਲੱਗਦੇ ਹਨ। ਹਾਲਾਂਕਿ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਕੀ ਇਹ ਕਾਨੂੰਨ ਦਾ ਖ਼ੌਫ਼ ਹੈ ਜਾਂ ਫਿਰ ਇਹ ਲੋਕ ਸੱਚਮੁੱਚ ਹੀ ਬਿਮਾਰੀਆਂ ਦੇ ਭੰਨੇ ਹੋਏ ਹਨ। ਦੇਖਣ ’ਚ ਆਇਆ ਹੈ ਕਿ ਜਦੋਂ ਵੀ ਕਾਨੂੰਨ ਕਾਰਵਾਈ ਕਰਨ ਲੱਗਦਾ ਹੈ ਤਾਂ ਕਦੀ ਮੈਡੀਕਲ ਸਰਟੀਫਿਕੇਟ ਪੁੱਜਣ ਲੱਗਦੇ ਹਨ ਅਤੇ ਕੋਈ ਅਦਾਲਤ ਕੋਲ ਆਪਣੀ ਬਿਮਾਰੀ ਦਾ ਵਾਸਤਾ ਪਾ ਰਿਹਾ ਹੁੰਦਾ ਹੈ। ਉਂਜ ਹਕੀਕਤ ਇਹ ਵੀ ਹੈ ਕਿ ਕਈਆਂ ਨੂੰ ਬਿਮਾਰੀਆਂ ਦੇ ਖ਼ੁਲਾਸੇ ਮੈਡੀਕਲ ਜਾਂਚ ਦੌਰਾਨ ਵੀ ਹੁੰਦੇ ਹਨ।
ਤਾਜਾ ਮਾਮਲਾ 16 ਅਕਤੂਬਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਰੋਪੜ ਰੇਂਜ ਦੇ ਤੱਤਕਾਲੀ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜਿਆ ਹੈ ਜਿਸ ਨੇ ਅਦਾਲਤ ਤੋਂ ਜੇਲ੍ਹ ਦੇ ਅੰਦਰ ਗੱਦਾ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਭੁੱਲਰ ਨੇ ਮੰਗਲਵਾਰ ਨੂੰ ਸੀ ਬੀ ਆਈ ਅਦਾਲਤ ’ਚ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕਰਕੇ ਦੱਸਿਆ ਕਿ ਉਸ ਦੀ ਪਿੱਠ ’ਚ ਦਰਦ ਹੈ। ਮਾਮਲੇ ਦੀ ਪੁਣਛਾਣ ਲਈ ਰਤਾ ਪਿਛੋਕੜ ਵਿੱਚ ਚੱਲਦੇ ਹਾਂ ਜਦੋਂ ਅਕਾਲੀ ਭਾਜਪਾ ਗਠਜੋੜ ਸਰਕਾਰ ਦੌਰਾਨ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱੱਤਰ ਪੱਧਰ ਦੇ ਇੱਕ ਅਫਸਰ ਨੇ ਵਿਜੀਲੈਂਸ ਅੱਗੇ ਖਰਾਬ ਸਿਹਤ ਦਾ ਹਵਾਲਾ ਦੇਕੇ ਪੇਸ਼ ਹੋਣ ਤੋਂ ਛੋਟ ਮੰਗੀ ਸੀ। ਇਸੇ ਤਰਾਂ ਹੀ ਵਿਜੀਲੈਂਸ ਨੇ ਜਦੋਂ ਜੰਗੇ ਆਜ਼ਾਦੀ ਸਮਾਰਕ ਦੇ ਤੱਤਕਾਲੀ ਮੁੱਖ ਕਾਰਜਕਾਰੀ ਅਫ਼ਸਰ ਨੂੰ ਪੜਤਾਲ ’ਚ ਸ਼ਾਮਲ ਹੋਣ ਲਈ ਤਲਬ ਕੀਤਾ ਤ ਉਨ੍ਹਾਂ ਪਿੱਤੇ ਦੀ ਬਿਮਾਰੀ ਦਾ ਹਵਾਲਾ ਦਿੱਤਾ ਸੀ।
ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੂੰ ਵਿਜੀਲੈਂਸ ਨੇ ਸੱਦਿਆ ਤਾਂ ਉਨ੍ਹਾਂ ਮੈਡੀਕਲ ਸਰਟੀਫਿਕੇਟ ਭੇਜਿਆ ਸੀ। ਉਨ੍ਹਾਂ ਕੋਵਿਡ ਹੋਣ ਬਾਰੇ ਵੀ ਕਿਹਾ ਅਤੇ ਦਿਲ ਦੀ ਬਿਮਾਰੀ ਦਾ ਵੀ ਤਰਕ ਦਿੱਤਾ। ਉਨ੍ਹਾਂ ਨੇ ਖੁਦ ਨੂੰ ਬਲੱਡ ਪ੍ਰੈੱਸ਼ਰ (ਹਾਈਪਰਟੈਂਸ਼ਨ) ਤੋਂ ਵੀ ਪੀੜਤ ਦੱਸਿਆ ਸੀ। ਵਿਜੀਲੈਂਸ ਨੇ ਜਦੋਂ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਤਲਬ ਕੀਤਾ ਸੀ ਤਾਂ ਉਨ੍ਹਾਂ ਨੇ ਗੋਡਿਆਂ ਦਾ ਅਪਰੇਸ਼ਨ ਹੋਣ ਦਾ ਮੈਡੀਕਲ ਸਰਟੀਫਿਕੇਟ ਭੇਜ ਕੇ ਮੋਹਲਤ ਮੰਗੀ ਸੀ ਅਤੇ ਉਨ੍ਹਾਂ ਖੁਦ ਨੂੰ ਹਾਈਪਰਟੈਂਸ਼ਨ ਦਾ ਮਰੀਜ਼ ਹੋਣ ਦੀ ਗੱਲ ਰੱਖੀ। ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਵੀ ਵਿਜੀਲੈਂਸ ਕੋਲ ਬਲੱਡ ਪ੍ਰੈਸ਼ਰ ਤੋਂ ਇਲਾਵਾ ਆਪਣੇ ਆਪ ਨੂੰ ਸ਼ੂਗਰ ਦਾ ਮਰੀਜ਼ ਦੱਸਿਆ ਸੀ। ਵਿਜੀਲੈਂਸ ਹਿਰਾਸਤ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਸ਼ੂਗਰ ਤੇ ਪਿੱਠ ਦਰਦ ਦੀ ਸ਼ਿਕਾਇਤ ਸਾਹਮਣੇ ਆਈ ਸੀ।
ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਜੀਲੈਂਸ ਵੱਲੋਂ ਜਾਂਚ ’ਚ ਸ਼ਾਮਲ ਹੋਣ ਲਈ ਸੱਦੇ ਜਾਣ ’ਤੇ ਆਪਣੇ ਵਕੀਲ ਰਾਹੀਂ ਮੈਡੀਕਲ ਸਰਟੀਫਿਕੇਟ ਭੇਜਿਆ ਸੀ । ਸਰਟੀਫਿਕੇਟ ’ਚ ਮਨਪ੍ਰੀਤ ਬਾਦਲ ਦੀ ਰੀੜ੍ਹ ਦੀ ਹੱਡੀ ’ਚ ਨੁਕਸ ਹੋਣ ਕਰਕੇ ਪੀਜੀਆਈ ਤੋਂ ਇਲਾਜ਼ ਚੱਲਣ ਤੇ ਉਨ੍ਹਾਂ ਨੂੰ ਤੁਰਨ-ਫਿਰਨ ’ਚ ਦਿੱਕਤ ਹੋਣ ਦੀ ਗੱਲ ਆਖੀ ਗਈ ਸੀ। ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਵਿਜੀਲੈਂਸ ਕੋਲ ਲਿਵਰ ਦੀ ਬਿਮਾਰੀ ਅਤੇ ਬਲੱਡ ਪ੍ਰੈਸ਼ਰ ਦੀ ਤਕਲੀਫ਼ ਦੱਸੀ ਸੀ। ਵਿਜੀਲੈਂਸ ਹਿਰਾਸਤ ’ਚ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵੀ ਬਿਮਾਰੀਆਂ ਸਾਹਮਣੇ ਆਈਆਂ ਸਨ। ਅਧਿਕਾਰੀ ਦੱਸਦੇ ਹਨ ਕਿ ਪੇਸ਼ੀ ਤੋਂ ਮੋਹਲਤ ਲਈ ਬਿਮਾਰੀ ਦਾ ਹਵਾਲਾ ਦਿੱਤਾ ਜਾਂਦਾ ਹੈ ਅਤੇ ਮੈਡੀਕਲ ਦੌਰਾਨ ਵੀ ਪੁਸ਼ਟੀ ਹੁੰਦੀ ਹੈ। ਮਹੱਤਵਪੂਰਨ ਤੱਥ ਹੈ ਕਿ ਸਰਕਾਰੀ ਕੁਰਸੀ ਤੇ ਬੈਠਣ ਵਾਲਿਆਂ ਨੂੰ ਨਿੱਕੀ ਮੋਟੀ ਢਿੱਲ ਮੱਠ ਛੱਡਕੇ ਗੰਭੀਰ ਬਿਮਾਰੀ ਲੱਗਣ ਬਾਰੇ ਘੱਟ ਵੱਧ ਹੀ ਸੁਣਿਆ ਹੈ।
ਹੁਣ ਜਦੋਂ ਪੰਜਾਬ ਪੁਲਿਸ ਦੇ ਧਾਕੜ ਅਫਸਰ ਮੰਨੇ ਜਾਂਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਸੀਬੀਆਈ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ ਤਾਂ ‘ਪਿੱਠ ਦਰਦ ’ ਦੀ ਸ਼ਕਾਇਤ ਸਾਹਮਣੇ ਆਈ ਹੈ ਜਿਸ ਨੂੰ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਲੋਕ ਆਖਦੇ ਹਨ ਕਿ ਜਦੋਂ ਕਾਨੂੰਨ ਬਨਾਉਣ ਜਾਂ ਪਾਲਣਾ ਕਰਵਾਉਣ ਵਾਲਿਆਂ ਖਿਲਾਫ ਕਾਨੂੰਨ ਦਾ ਡੰਡਾ ਚੱਲਦਾ ਹੈ, ਉਦੋਂ ਅਜਿਹੇ ਤੱਥ ਸਾਹਮਣੇ ਆਉਣੇ ਹੈਰਾਨੀਜਨਕ ਹੈ। ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਵੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਸ ਦਾ ਮੈਡੀਕਲ ਕਰਾਉਣਾ ਲਾਜ਼ਮੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਆਗੂ ਵਿਜੀਲੈਂਸ ਦੀ ਗ੍ਰਿਫ਼ਤ ’ਚ ਆਏ ਹਨ, ਉਨ੍ਹਾਂ ’ਚੋਂ ਬਹੁਤਿਆਂ ਦਾ ਬਲੱਡ ਪ੍ਰੈਸ਼ਰ ਫ਼ੌਰੀ ਵਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਘਬਰਾਹਟ ਦੂਰ ਕਰਨ ਲਈ ਬੀਪੀ ਦੀ ਗੋਲੀ ਦੇਣੀ ਪੈਂਦੀ ਹੈ।
ਪੰਜਾਬ ਦੀ ਸਿਹਤ ਨੂੰ ਖਤਰਾ
ਲੋਕ ਆਖਦੇ ਹਨ ਕਿ ਜੇਕਰ ਲੋਕਾਂ ਦੇ ਸੇਵਾਦਾਰਾਂ ਨੂੰ ਹੀ ਬਿਮਾਰੀਆਂ ਘੇਰਦੀਆਂ ਰਹੀਆਂ ਤਾਂ ਪੰਜਾਬ ਦੀ ਸਿਹਤ ਦਾ ਕੀ ਬਣੇਗਾ , ਸੋਚਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਭਾਵੇਂ ਬਿਮਾਰੀ ਅਹੁਦਾ ਜਾਂ ਉਮਰ ਦੇਖਕੇ ਨਹੀਂ ਆਉਂਦੀ ਪਰ ਕਾਨੂੰਨੀ ਸ਼ਿਕੰਜਾ ਕਸਣ ਮਗਰੋਂ ਮਰਜ਼ਾਂ ਸਾਹਮਣੇ ਆਉਣ ਲੱਗ ਜਾਣ ਤਾਂ ਸ਼ੱਕ ਪੈਣਾ ਸੁਭਾਵਿਕ ਹੈ ।