← ਪਿਛੇ ਪਰਤੋ
Babushahi Special: ‘ਭਰਾ ਭਰਾਵਾਂ ਦੇ ਭੋਲੂ ਨਰੈਣੇ ਕਾ’ ਬਣੀ ਲੱਖ ਰੁਪਏ ਰਿਸ਼ਵਤ ਕਾਂਡ ’ਚ ਵਿਜੀਲੈਂਸ ਦੀ ਭੂਮਿਕਾ
ਅਸ਼ੋਕ ਵਰਮਾ
ਬਠਿੰਡਾ,17 ਜੁਲਾਈ2025: ਪਹਿਲੀ ਜੁਲਾਈ ਨੂੰ ਲੱਖ ਰੁਪਿਆ ਲੈਂਦਿਆਂ ਰੰਗੇ ਹੱਥੀਂ ਗਿ੍ਰਫਤਾਰ ਕੀਤੇ ਗਏ ਡੀਐਸਪੀ ਭੁੱਚੋ ਰਵਿੰਦਰ ਸਿੰਘ ਰੰਧਾਵਾ ਦੇ ਸਹਾਇਕ ਰੀਡਰ ਹੌਲਦਾਰ ਰਾਜ ਕੁਮਾਰ ਦੇ ਮਾਮਲੇ ’ਚ ਡੀਐਸਪੀ ਤੇ ਕੋਈ ਕਾਰਵਾਈ ਨਾਂ ਹੋਣ ਕਾਰਨ ਵਿਜੀਲੈਂਸ ਬਠਿੰਡਾ ਦੀ ਕਾਰਗੁਜ਼ਾਰੀ ਸਵਾਲਾਂ ’ਚ ਘਿਰ ਗਈ ਹੈ। ਲੋਕਾਂ ’ਚ ਚੁੰਝ ਚਰਚਾ ਹੈ ਕਿ ਕਿਧਰੇ ਪੰਜਾਬ ਪੁਲਿਸ ਦਾ ਆਪਣਾ ਹੀ ਵਿੰਗ ਵਿਜੀਲੈਂਸ ਆਪਣੇ ਹੀ ਮਹਿਕਮੇ ਦੇ ਭਾਈਬੰਦ ਅਫਸਰ ਨੂੰ ਬਚਾਉਣ ਤਾਂ ਨਹੀਂ ਲੱਗਾ ਹੋਇਆ ਹੈ। ਦੇਖਿਆ ਜਾਏ ਤਾਂ ਲੋਕ ਵੀ ਇੱਕ ਗੱਲੋਂ ਸੱਚੇ ਹਨ ਕਿਉਂਕਿ ਨਿੱਕੀ ਮੋਟੀ ਗੱਲ ਤੇ ਬੰਦਿਆਂ ਨੂੰ ਨੂੜ ਲਿਆਉਣ ਵਾਲੀ ਪੰਜਾਬ ਪੁਲਿਸ ਦੇ ਵਿਜੀਲੈਂਸ ਵਿੰਗ ਨੇ ਦੋ ਹਫਤੇ ਲੰਘਣ ਦੇ ਬਾਵਜੂਦ ਲੋਕਾਂ ਦੀਆਂ ‘ਅੱਖਾਂ ਪੂੰਝਣ ’ ਲਈ ਵੀ ਡੀਐਸਪੀ ਨੂੰ ਸ਼ਾਮਲ ਤਫਤੀਸ਼ ਨਹੀਂ ਕਰਵਾਇਆ ਹੈ ਜਦੋਂਕਿ ਵਿਜੀਲੈਂਸ ਨੇ ਰਿਸ਼ਵਤ ਦੀ ਰਾਸ਼ੀ ਉਸ ਦੀ ਸਰਕਾਰੀ ਗੱਡੀ ਵਿੱਚੋਂ ਬਰਾਮਦ ਹੋਈ ਸੀ। ਇਸ ਮਾਮਲੇ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਰੀਡਰ ਰਾਜ ਕੁਮਾਰ ਨੂੰ ਡੀਐਸਪੀ ਦੇ ਦਫਤਰ ਤੋਂ ਮਹਿਜ਼ 10 ਕਦਮ ਦੀ ਦੂਰੀ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਪ੍ਰਤੀਕਿਰਿਆ ਜਾਨਣ ਮੌਕੇ ਵਿਜੀਲੈਂਸ ਅਧਿਕਾਰੀ ਰਟਿਆ ਰਟਾਇਆ ਜਵਾਬ ਦੇ ਰਹੇ ਹਨ ਕਿ ‘ਫਿਲਹਾਲ ਜਾਂਚ ਜਾਰੀ’ ਹੈ। ਕਲਿਆਣ ਦੇ ਸਾਬਕਾ ਸਰਪੰਚ ਦੀ ਪਤਨੀ ਸ਼ਕਾਇਤਕਰਤਾ ਪਰਮਜੀਤ ਕੌਰ ਨੇ ਸਿੱਧੇ ਦੋਸ਼ ਲਾਏ ਸਨ ਕਿ ਰੀਡਰ ਰਾਜ ਕੁਮਾਰ ਨੇ ਡੀਐਸਪੀ ਦੇ ਨਾਮ ਹੇਠ ਪੰਜ ਲੱਖ ਰੁਪਏ ਦੀ ਮੰਗ ਕੀਤੀ ਸੀ ਜਿਸ ਸਬੰਧੀ ਮਾਮਲਾ ਦੋ ਲੱਖ ਰੁਪਏ ਅਦਾ ਕਰਨ ਵਿੱਚ ਤੈਅ ਹੋਇਆ ਸੀ। ਇਸ ਵਿੱਚੋਂ ਜੋ ਲੱਖ ਰੁਪਿਆ ਵਸੂਲਿਆ ਗਿਆ ਉਹ ਰੀਡਰ ਨੇ ਡੀਐਸਪੀ ਦੀ ਸਰਕਾਰੀ ਗੱਡੀ ਚੋਂ ਗੱਡੀ ’ਚ ਬਰਾਮਦ ਕਰਵਾਇਆ ਸੀ। ਵਿਜੀਲੈਂਸ ਨੇ ਡੀਐਸਪੀ ਦੀ ਸਰਕਾਰੀ ਗੱਡੀ ਕਬਜੇ ’ਚ ਲੈ ਲਈ ਪਰ ਡੀਐਸਪੀ ਦੀ ਇਸ ਮਾਮਲੇ ’ਚ ਭੂਮਿਕਾ ਤੋਂ ਅਧਿਕਾਰੀ ਅੱਖਾਂ ਮੀਚੀ ਬੈਠੇ ਹਨ। ਇਹੋ ਕਾਰਨ ਹੈ ਕਿ ਇਸ ਦੇਰੀ ਨੇ ਵਿਜੀਲੈਂਸ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿੱਚ ਖੜਾਇਆ ਹੋਇਆ ਹੈ। ਦੱਸਣਯੋਗ ਹੈ ਕਿ 20 ਮਈ 2025 ਨੂੰ ਕਲਿਆਣ ਸੁੱਖਾ ਦੇ ਸਰਪੰਚ ਕੁਲਵਿੰਦਰ ਸਿੰਘ ਅਤੇ ਉਨਾਂ ਦੇ ਦੋ ਲੜਕਿਆਂ ਖਿਲਾਫ ਥਾਣਾ ਨਥਾਣਾ ਵਿਖੇ ਜਮੀਨੀ ਵਿਵਾਦ ਨੂੰ ਲੈਕੇ ਮੁਕੱਦਮਾ ਦਰਜ ਹੋਇਆ ਸੀ। ਪੁਲਿਸ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਸਰਪੰਚ ਦੀ ਪਤਨੀ ਪਰਮਜੀਤ ਕੌਰ ਨੇ ਐਸਐਸਪੀ ਨੂੰ ਸ਼ਕਾਇਤ ਦੇਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਐਸਐਸਪੀ ਨੇ ਮਾਮਲੇ ਦੀ ਜਾਂਚ ਡੀਐਸਪੀ ਭੁੱਚੋ ਹਵਾਲੇ ਕਰ ਦਿੱਤੀ ਜਿਸ ਦੀ ਤਫਤੀਸ਼ ਡੀਐਸਪੀ ਕਰ ਰਹੇ ਸਨ। ਡੀਐਸਪੀ ਨਾਲ ਤਾਇਨਾਤ ਹੌਲਦਾਰ ਰਾਜ ਕੁਮਾਰ ਨੇ ਖੁਦ ਨੂੰ ਡੀਐਸਪੀ ਦਾ ਰੀਡਰ ਦੱਸਕੇ ਪਤੀ ਅਤੇ ਲੜਕਿਆਂ ਨੂੰ ਉਨਾਂ ਖਿਲਾਫ ਦਰਜ ਮੁਕੱਦਮੇ ਚੋਂ ਕਲੀਨ ਚਿੱਟ ਦੇਣ ਲਈ ਪਰਮਜੀਤ ਕੌਰ ਤੋਂ ਪੰਜ ਲੱਖ ਰੁਪਏ ਮੰਗੇ ਸਨ ਪਰ ਦੋ ਲੱਖ ਰੁਪਏ ਦੇਣ ’ਚ ਗੱਲ ਮੁੱਕੀ ਸੀ। ਆਪਣੇ ਵਾਅਦੇ ਮੁਤਾਬਕ ਪਰਮਜੀਤ ਕੌਰ ਮਹਿਲਾ ਥਾਣੇ ’ਚ ਸਥਿਤ ਡੀਐਸਪੀ ਭੁੱਚੋ ਦੇ ਦਫਤਰ ਪੁੱਜੀ ਜਿੱਥੇ ਰੀਡਰ ਰਾਜ ਕਮੁਾਰ ਨੂੰ ਉਸ ਨੂੰ 15 ਮਿੰਟ ਬੈਠਣ ਦੀ ਤਾਕੀਦ ਕਰਕੇ ਕਿਹਾ ਕਿ ਉਹ ਡੀਐਸਪੀ ਨੂੰ ਪੁੱਛਕੇ ਆਉਂਦਾ ਹੈ ਕਿ ਲੱਖ ਰੁਪਿਆ ਲੈਣਾ ਜਾਂ ਨਹੀਂ। ਬਾਅਦ ’ਚ ਉਸ ਨੇ ਇੱਕ ਲੱਖ ਰੁਪਏ ਪਰਮਜੀਤ ਕੌਰ ਤੋਂ ਲੈਕੇ ਡੀਐਸਪੀ ਦੀ ਗੱਡੀ ਵਿੱਚ ਰਖਵਾ ਦਿੱਤੇ। ਇਸ ਮੌਕੇ ਘਾਤ ਲਗਾਕੇ ਬੈਠੀ ਵਿਜੀਲੈਂਸ ਦੀ ਟੀਮ ਨੇ ਰੀਡਰ ਰਾਜ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਗਿ੍ਰਫਤਾਰ ਕਰਕੇ ਲੈ ਗਈ। ਲੋਕਾਂ ਦਾ ਕਹਿਣਾ ਸੀ ਕਿ ਵਿਜੀਲੈਂਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਰਿਸ਼ਵਤ ਦੇ ਪੈਸੇ ਡੀਐੱਸਪੀ ਦੀ ਗੱਡੀ ਵਿੱਚ ਹੀ ਕਿਓਂ ਰੱਖੇ ਗਏ। ਲੋਕ ਆਖਦੇ ਹਨ ਕਿ ਇੱਕ ਸਧਾਰਨ ਹੌਲਦਾਰ ਆਪਣੇ ਅਫਸਰ ਦੀ ਜਾਣਕਾਰੀ ਜਾਂ ਕਥਿਤ ਮਿਲੀਭੁਗਤ ਤੋਂ ਬਗੈਰ ਰਿਸ਼ਵਤ ਲੈਣ ਦੀ ਜੁਰਅਤ ਕਿੱਦਾਂ ਕਰ ਸਕਦਾ ਹੈ। ਰਿਕਾਰਡ ਸੜਣ ਨੇ ਵਧਾਇਆ ਸ਼ੱਕ ਰਿਸ਼ਵਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੀਐਸਪੀ ਭੁੱਚੋ ਕੁੱਝ ਦਿਨ ਆਪਣੇ ਦਫਤਰ ਚੋਂ ਗਾਇਬ ਰਹੇ ਪਰ ਮਗਰੋਂ ਉਨਾਂ ਆਮ ਵਾਂਗ ਆਉਣਾ ਸ਼ੁਰੂ ਕਰ ਦਿੱਤਾ ਸੀ। ਇਸ ਮਾਮਲੇ ’ਚ ਡੀਐਸਪੀ ਦੀ ਭੂਮਿਕਾ ਉਦੋਂ ਹੋਰ ਵੀ ਸ਼ੱਕੀ ਹੋ ਗਈ ਜਦੋਂ 12 ਜੁਲਾਈ ਨੂੰ ਉਨਾਂ ਦੇ ਦਫਤਰ ਦਾ ਕੁੱਝ ਰਿਕਾਰਡ ਅੱਗ ਹਵਾਲੇ ਕੀਤਾ ਗਿਆ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੌਕੇ ਕੋਈ ਸਰਕਾਰੀ ਰਿਕਾਰਡ ਨਹੀਂ ਜਲਾਇਆ ਗਿਆ ਬਲਕਿ ਕੁੱਝ ਰੱਦੀ ਕਾਗਜ਼ਾਂ ਨੂੰ ਅੱਗ ਲਾਈ ਗਈ ਹੈ ਪਰ ਡੀਐਸਪੀ ਦਫਤਰ ਦੇ ਮੁਲਾਜਮ ਵੱਲੋਂ ਰਿਸ਼ਵਤ ਕਾਂਡ ’ਚ ਉਲਝਣ ਕਾਰਨ ਭੇਦ ਭਰੇ ਢੰਗ ਨਾਲ ਲੱਗੀ ਅੱਗ ਨੇ ਸ਼ੱਕ ਦੇ ਸੇਕ ਨੂੰ ਜਰੂਰ ਵਧਾਇਆ ਹੈ। ਮਾਮਲਾ ਜਾਂਚ ਅਧੀਨ:ਵਿਜੀਲੈਂਸ ਡੀਐਸਪੀ ਵਿਜੀਲੈਂਸ ਸੰਦੀਪ ਸਿੰਘ ਦਾ ਕਹਿਣਾ ਸੀ ਕਿ ਇੱਕ ਲੱਖ ਰੁਪਿਆ ਰਿਸ਼ਵਤ ਹਾਸਲ ਕਰਦਿਆਂ ਗਿ੍ਰਫਤਾਰ ਰੀਡਰ ਰਾਜ ਕੁਮਾਰ ਮਾਮਲੇ ਦੀ ਵਿਸਥਾਰ ਸਾਹਿਤ ਜਾਂਚ ਜਾਰੀ ਹੈ। ਉਨਾਂ ਕਿਹਾ ਕਿ ਫਿਹਹਾਲ ਉਹ ਕੁੱਝ ਨਹੀਂ ਕਹਿ ਸਕਦੇ ਪੜਤਾਲ ਮੁਕੰਮਲ ਹੋਣ ਤੇ ਹੀ ਕੁੱਝ ਕਿਹਾ ਜਾ ਸਕਦਾ ਹੈ। ਸਰਕਾਰੀ ਰਿਕਾਰਡ ਨਹੀਂ ਜਲਾਇਆ ਐਸਐਸਪੀ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ 12 ਜੁਲਾਈ ਨੂੰ ਡੀਐਸਪੀ ਦਫਤਰ ’ਚ ਰਿਕਾਰਡ ਨੂੰ ਅੱਗ ਲਾਉਣ ਦੇ ਮਾਮਲੇ ਦੀ ਉਨਾਂ ਸੁਪਰਡੈਂਟ ਤੋਂ ਜਾਂਚ ਕਰਵਾਈ ਸੀ। ਉਨਾਂ ਦੱਸਿਆ ਕਿ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਕੋਈ ਸਰਕਾਰੀ ਰਿਕਾਰਡ ਨਹੀਂ ਮਚਾਇਆ ਬਲਕਿ ਕੁੱਝ ਰੱਦੀ ਤੇ ਰਫ ਕਾਗਜ਼ ਸਨ ਜਿੰਨਾਂ ਨੂੰ ਸਾੜਿਆ ਗਿਆ ਸੀ।
Total Responses : 1997