Babushahi Special: ਚਿੱਟੇ ਦਾ ਕਾਲਾ ਧੰਦਾ : ਚੱਕੀ ਛੱਡਤੀ ਚੁੱਲ੍ਹੇ ਵੀ ਛੱਡ ਦੇਣੇ ਹੁਣ ਔਰਤਾਂ ਦਾ ਰਾਜ ਹੋ ਗਿਆ
ਅਸ਼ੋਕ ਵਰਮਾ
ਬਠਿੰਡਾ,19 ਜੁਲਾਈ2025: ਔਰਤਾਂ ਵੱਲੋਂ ਸਰਹੱਦ ਪਾਰ ਤੋਂ ਹੈਰੋਇਨ ਆਦਿ ਦੀ ਤਸਕਰੀ ਵਿੱਚ ਸ਼ਮੂਲੀਅਤ ਕਾਰਨ ਸਰਹੱਦੀ ਜਿਲ੍ਹੇ ਤਾਂ ਲੰਮੇਂ ਸਮੇਂ ਤੋਂ ਚਰਚਾ ’ਚ ਰਹੇ ਹਨ ਪਰ ਹੁਣ ਬਾਕੀ ਥਾਵਾਂ ਤੇ ਵੀ ਔਰਤਾਂ ’ਚ ਨਸ਼ਾ ਤਸਕਰੀ ਦੇ ਧੰਦੇ ’ਚ ਸ਼ਾਮਲ ਹੋਣ ਦਾ ਰੁਝਾਨ ਵਧਣ ਦੇ ਚਰਚੇ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੋਈਆਂ ਔਰਤਾਂ ਦੀਆਂ ਗ੍ਰਿਫਤਾਰੀਆਂ ਇੰਨ੍ਹਾਂ ਤੱਥਾਂ ਅਤੇ ਕਿਸੇ ਨੂੰ ਨਾਂ ਬਖਸ਼ਣ ਦੀ ਸਰਕਾਰੀ ਨੀਤੀ ਦੀ ਪੁਸ਼ਟੀ ਕਰਦੀਆਂ ਹਨ। ਪੁਲਿਸ ਦੇ ਵਹੀ ਖਾਤਿਆਂ ਮੁਤਾਬਕ ਜੋ ਔਰਤ ਘਰ ਦੇ ਚੌਂਕੇ ਚੁੱਲ੍ਹੇ ਤੱਕ ਸੀਮਤ ਰਹਿੰਦੀ ਸੀ ਉਸ ਨੇ ਸਮਾਜ ਲਈ ਘਾਤਕ ਨਸ਼ਾ ਤਸਕਰੀ ਵਰਗਾ ਧੰਦਾ ਅਪਣਾ ਲਿਆ ਹੈ । ਕਈ ਤੰਗੀ ਤੁਰਸ਼ੀ ਕਾਰਨ ਤਸਕਰੀ ਦੇ ਰਾਹ ਪਈਆਂ ਹਨ ਜਦੋਂਕਿ ਕਈਆਂ ਨੇ ਜਲਦੀ ਅਮੀਰ ਹੋਣ ਦੀ ਚਾਹਤ ’ਚ ਫੈਸਲਾ ਲਿਆ ਹੈ। ਪੁਲਿਸ ਸੂਤਰਾਂ ਮੁਤਾਬਕ ਥੋਕ ਅਤੇ ਪ੍ਰਚੂਨ ਵਿਕਰੀ ਵਿੱਚ ਔਰਤਾਂ ਦਾ ਹੱਥ ਹੈ।

ਸੂਤਰ ਦੱਸਦੇ ਹਨ ਕਿ ਕੁੱਝ ਔਰਤ ਤਸਕਰਾਂ ਦੇ ਪ੍ਰੀਵਾਰ ਤੱਕ ਇਸ ਧੰਦੇ ਨਾਲ ਜੁੜੇ ਹੋਏ ਹਨ ਅਤੇ ਪੁਲਿਸ ਤੋਂ ਬਚਣ ਲਈ ਵੀ ਔਰਤਾਂ ਦੀ ਸਹਾਇਤਾ ਲਈ ਜਾ ਰਹੀ ਹੈ। ਇੱਕ ਪੁਲਿਸ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਨਸ਼ੀਲੇ ਪਦਾਰਥਾਂ ਦੀ ਸਪਲਾਈ ’ਚ ਔਰਤਾਂ ਦੀ ਵਧ ਰਹੀ ਸ਼ਮੂਲੀਅਤ ਨਾਲ ਪੁਲਿਸ ਦੀ ਸਿਰਦਰਦੀ ਵਧੀ ਹੈ । ਉਨ੍ਹਾਂ ਦੱਸਿਆ ਕਿ ਪਹਿਲਾਂ ਸਰਹੱਦੀ ਜ਼ਿਲਿ੍ਹਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ’ਚ ਨਸ਼ਾ ਤਸਕਰੀ ’ਚ ਔਰਤਾਂ ਸ਼ਮੂਲੀਅਤ ਸਾਹਮਣੇ ਆਈ ਸੀ ਪਰ ਹੁਣ ਕੋਈ ਵੀ ਅਜਿਹਾ ਜਿਲ੍ਹਾ ਨਹੀਂ ਜਿੱਥੋਂ ਦੀ ਪੁਲਿਸ ਨੇ ਮਹਿਲਾ ਤਸਕਰਾਂ ਨੂੰ ਗ੍ਰਿਫਤਾਰ ਨਾਂ ਕੀਤਾ ਹੋਵੇ। ਬਠਿੰਡਾ ਦੀ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਸ਼ੁੱਕਰਵਾਰ ਨੂੰ ਦੋ ਮਹਿਲਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਾਢੇ ਪੰਜ ਗ੍ਰਾਮ ਚਿੱਟਾ ਫੜਿਆ ਹੈ। ਥਾਣਾ ਦਿਆਲਪੁਰਾ ਪੁਲਿਸ ਨੇ 10 ਜੂਨ ਨੂੰ ਇੱਕ ਔਰਤ ਨੂੰ ਗ੍ਰਿਫਤਾਰ ਕਰਕੇ 2 ਕਿੱਲੋਂ ਭੁੱਕੀ ਬਰਾਮਦ ਕੀਤੀ ਸੀ।
ਇਸੇ ਤਰਾਂ ਮਾਰਚ ਮਹੀਨੇ ਦੌਰਾਨ ਨਸ਼ਿਆਂ ਲਈ ਬਦਨਾਮ ਬਸਤੀ ਬੀੜ ਤਲਾਬ ਦੀ ਮਹਿਲਾ ਤੋਂ 6 ਗ੍ਰਾਮ ਚਿੱਟਾ ਫੜਿਆ ਸੀ। ਇਸੇ ਮਹੀਨੇ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਮਹਿਰਾਜ ਦੀ ਤਸਕਰ ਤੋਂ 5 ਕਿੱਲੋ ਭੁੱਕੀ ਫੜੀ ਸੀ। ਜੁਲਾਈ 2024 ’ਚ ਥਾਣਾ ਸਿਟੀ ਰਾਮਪੁਰਾ ਨੇ ਇੱਕ ਔਰਤ ਅਤੇ ਦੋ ਵਿਅਕਤੀਆਂ ਨੂੰ ਇੱਕ ਕਿੱਲੋ ਅਫੀਮ ਸਮੇਤ ਫੜਿਆ ਸੀ। ਥਾਣਾ ਰਾਮਾ ਪੁਲਿਸ ਨੇ ਮਲਕਾਣਾ ਵਾਸੀ ਔਰਤ ਨੂੰ ਸਾਢੇ ਛੇ ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ। ਜੂਨ ਮਹੀਨੇ ’ਚ ਕੈਨਾਲ ਕਲੋਨੀ ਪੁਲਿਸ ਨੇ ਲਾਲ ਸਿੰਘ ਬਸਤੀ ਦੀ ਮਹਿਲਾ ਅਤੇ ਉਸ ਦੇ ਸਾਥੀ ਨੂੰ 5.98 ਗ੍ਰਾਮ ਚਿੱਟੇ ਸਣੇ ਫੜਿਆ ਸੀ । ਥਾਣਾ ਮੌੜ ਪੁਲਿਸ ਨੇ ਮੌੜ ਕਲਾਂ ਦੀ ਤਸਕਰ ਤੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ। ਥਾਣਾ ਸਦਰ ਬਠਿੰਡਾ ਪੁਲਿਸ ਨੇ ਬੀੜ ਤਲਾਬ ਦੀ ਤਸਕਰ ਅਤੇ ਉਸ ਦਾ ਪਤੀ ਨੂੰ 50 ਗ੍ਰਾਮ ਚਿੱਟੇ ਸਮੇਤ ਫੜੇ ਸਨ।
ਲੰਘੀ ਜੂਨ ਵਿੱਚ ਹੀ ਨਥਾਣਾ ਪੁਲਿਸ ਨੇ ਇੱਕ ਮਹਿਲਾ ਅਤੇ ਉਸ ਦੇ ਸਾਥੀ ਨੂੰ 7 ਗ੍ਰਾਮ ਚਿੱਟੇ ਸਮੇਤ ਫੜਿਆ ਸੀ। ਥਾਣਾ ਸਦਰ ਬਠਿੰਡਾ ਪੁਲਿਸ ਨੇ ਇਸੇ ਜੁਲਾਈ ਦੌਰਾਨ ਬੀੜ ਤਲਾਬ ਦੀ ਇੱਕ ਮਹਿਲਾ ਤਸਕਰ ਅਤੇ ਉਸ ਦੇ ਦੋ ਸਾਥੀ ਤਸਕਰਾਂ ਨੂੰ ਗ੍ਰਿਫਤਾਰ ਕਰਕੇ 102 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ। ਥਾਣਾ ਫੂਲ ਪੁਲਿਸ ਨੇ ਮਾਰਚ ’ਚ ਪਿੰਡ ਰਾਈਆ ਦੀਆਂ ਦੋ ਸਕੀਆਂ ਭੈਣਾਂ ਅਤੇ ਇੱਕ ਵਿਅਕਤੀ ਤੋਂ ਤਿੰਨ ਗ੍ਰਾਮ ਚਿੱਟਾ ਬਰਾਮਦ ਕੀਤਾ ਸੀ। ਸੀਆਈਏ ਸਟਾਫ 2 ਬਠਿੰਡਾ ਨੇ ਇੱਕ ਮਹਿਲਾ ਨੂੰ ਗ੍ਰਿਫਤਾਰ ਕਰਕੇ 150 ਗ੍ਰਾਮ ਚਿੱਟਾ ਬਰਾਮਦ ਕੀਤਾ ਸੀ। ਬਠਿੰਡਾ ਪੁਲਿਸ ਨੇ ਹਾਲ ਹੀ ਵਿੱਚ ਲੇਡੀ ਹੈਡ ਕਾਂਸਟੇਬਲ ਨੂੰ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਦੀ ਵੱਡੀ ਪੱਧਰ ਤੇ ਚਰਚਾ ਛਿੜੀ ਸੀ। ਕੁੱਝ ਦਿਨ ਪਹਿਲਾਂ ਬਠਿੰਡਾ ਪੁਲਿਸ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਕਾਰਨ ਦੋ ਔਰਤਾਂ ਦੇ ਘਰਾਂ ਨੂੰ ਮਲੀਆਮੇਟ ਕੀਤਾ ਸੀ।
ਹੋਰ ਜਿਲ੍ਹੇ ਵੀ ਫੜ੍ਹੋ ਫੜ੍ਹਾਈ ’ਚ ਸ਼ਾਮਲ
ਜਲੰਧਰ ਦਿਹਾਤੀ ਪੁਲਿਸ ਨੇ ਜਨਵਰੀ ਮਹੀਨੇ ਇੱਕ ਮਹਿਲਾ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਕੇ 91 ਕਿੱਲੋਂ ਭੁੱਕੀ ਅਤੇ ਇੱਕ ਕਿੱਲੋ ਹਸ਼ੀਸ਼ ਤੋਂ ਇਲਾਵਾ ਨਜਾਇਜ ਸ਼ਰਾਬ ਵੀ ਫੜੀ ਸੀ। ਇਸੇ ਜਲੰਧਰ ਪੁਲਿਸ ਨੇ ਇੱਕ ਔਰਤ ਤੋਂ ਕਰੀਬ ਡੇਢ ਲੱਖ ਡਰੱਗ ਮਨੀ 6 ਗ੍ਰਾਮ ਚਿੱਟਾ ਅਤੇ 290 ਨਸ਼ੀਲੀਆਂ ਗੋਲੀਆਂ ਫੜੀਆਂ ਸਨ। ਜਲੰਧਰ ਦਿਹਾਤੀ ਪੁਲਿਸ ਨੇ ਫਰਵਰੀ ’ਚ ਇੱਕ ਔਰਤ ਤੋਂ ਗਾਂਜਾ ਬਰਾਮਦ ਕੀਤਾ ਸੀ। ਸੰਗਰੂਰ ਪੁਲਿਸ ਨੇ ਵੀ ਨਸ਼ਾ ਤਸਕਰ ਔਰਤਾਂ ਫੜੀਆਂ ਸਨ। ਹੁਸ਼ਿਆਰਪੁਰ ਦੇ ਥਾਣਾ ਮਹਿਟੀਆਣਾ ਪੁਲਿਸ ਨੇ ਮਹਿਲਾ ਨਸ਼ਾ ਤਸਕਰ ਗ੍ਰਿਫਤਾਰ ਕੀਤੀ ਸੀ। ਫਾਜਿਲਕਾ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕਰਕੇ 490 ਨਸ਼ੀਲੇ ਕੈਪਸੂਲ ਤੇ 150 ਲੀਟਰ ਲਾਹਣ ਬਰਾਮਦ ਕੀਤੀ ਸੀ।
ਬੀਬੀਆਂ ਵੱਡੇ ਪੱਧਰ ਤੇ ਚਰਚਿਤ
ਕਈ ਸਾਲ ਪਹਿਲਾਂ ਡੀਆਈਆਰ ਨੇ ਅੰਮ੍ਰਿਤਸਰ ਦੀ ਇੱਕ ਔਰਤ ਨੂੰ ਦਿੱਲੀ ਵਿੱਚੋਂ ਗ੍ਰਿਫ਼ਤਾਰ ਕਰਕੇ 18 ਕਿੱਲੋ ਹੈਰੋਇਨ ਬਰਾਮਦ ਕੀਤੀ ਤਾਂ ਲੋਕ ਉਂਗਲਾਂ ਟੁੱਕਣ ਨੂੰ ਮਜਬੂਰ ਹੋ ਗਏ ਸਨ। ਅੰਮ੍ਰਿਤਸਰ ਜਿਲ੍ਹੇ ’ਚ ਕਦੇ ਸੁੱਖੀ ਡੌਨ ਵੀ ਮਸ਼ਹੂਰ ਹੋਇਆ ਕਰਦੀ ਸੀ। ਪੁਲਿਸ ਸੂਤਰਾਂ ਅਨੁਸਾਰ ਪੰਜਾਬ ’ਚ ਢਾਈ ਤੋਂ ਤਿੰਨ ਹਜ਼ਾਰ ਔਰਤਾਂ ਤਸਕਰ ਹਨ। ਅਬਾਦੀ ਦੇ ਲਿਹਾਜ਼ ਨਾਲ ਇਹ ਅੰਕੜਾ ਕੋਈ ਵੱਡਾ ਨਹੀਂ ਪਰ ਜਿਸ ਤਰਾਂ ਤਸਕਰੀ ’ਚ ਔਰਤਾਂ ਦੀ ਗਿਣਤੀ ਵਧ ਰਹੀ ਹੈ ਉਹ ਕਾਫੀ ਚਿੰਤਾਜਨਕ ਹੈ। ਪੁਲਿਸ ਅਧਿਕਾਰੀ ਦੱਸਦੇ ਹਨ ਕਿ ਵੱਡੇ ਤਸਕਰ ਚਿੱਟੇ ਦਾ ਜਾਲ ਵਿਛਾਉਣ ਲਈ ਵੀ ਔਰਤਾਂ ਦਾ ਸਹਾਰਾ ਲੈਣ ਲੱਗੇ ਹਨ।