ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ, SIR ਅਤੇ ਵੋਟ ਚੋਰੀ 'ਤੇ ਹੋ ਸਕਦੀ ਹੈ ਚਰਚਾ!
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 2 ਦਸੰਬਰ, 2025: ਸੰਸਦ ਦੇ ਸਰਦ ਰੁੱਤ ਸੈਸ਼ਨ (Winter Session) ਦਾ ਅੱਜ ਦੂਜਾ ਦਿਨ ਹੈ। ਸੈਸ਼ਨ ਦੇ ਪਹਿਲੇ ਦਿਨ ਦੋਵਾਂ ਸਦਨਾਂ ਵਿੱਚ SIR ਅਤੇ 'ਵੋਟ ਚੋਰੀ' ਦੇ ਦੋਸ਼ਾਂ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਅੱਜ ਵੀ ਹੰਗਾਮਾ ਜਾਰੀ ਰਹਿਣ ਦੇ ਪੂਰੇ ਆਸਾਰ ਹਨ।
ਉੱਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਅੱਜ ਸੰਸਦ ਦੇ ਗੇਟ 'ਤੇ ਜ਼ੋਰਦਾਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਮੰਗ ਹੈ ਕਿ SIR ਮੁੱਦੇ 'ਤੇ ਸਦਨ ਵਿੱਚ ਚਰਚਾ ਕਰਵਾਈ ਜਾਵੇ। ਉੱਥੇ ਹੀ, ਸਰਕਾਰ ਨੇ ਵੀ ਨਰਮੀ ਦੇ ਸੰਕੇਤ ਦਿੰਦਿਆਂ ਚਰਚਾ ਲਈ ਹਾਮੀ ਭਰ ਦਿੱਤੀ ਹੈ, ਪਰ ਇੱਕ ਸ਼ਰਤ ਦੇ ਨਾਲ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਰਾਜ ਸਭਾ ਵਿੱਚ ਸਪੱਸ਼ਟ ਕੀਤਾ ਕਿ ਸਰਕਾਰ SIR ਅਤੇ ਚੋਣ ਸੁਧਾਰਾਂ 'ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਉਨ੍ਹਾਂ ਨੇ ਵਿਰੋਧੀ ਧਿਰ ਨੂੰ ਅਪੀਲ ਕੀਤੀ ਹੈ ਕਿ ਉਹ ਚਰਚਾ ਲਈ ਕੋਈ ਸਮਾਂ ਸੀਮਾ (Time Limit) ਨਾ ਥੋਪਣ।
ਪਹਿਲੇ ਦਿਨ ਪਾਸ ਹੋਇਆ ਮਣੀਪੁਰ GST ਬਿੱਲ
ਸੈਸ਼ਨ ਦੇ ਪਹਿਲੇ ਦਿਨ ਵੀ ਕਾਫੀ ਗਹਿਮਾ-ਗਹਿਮੀ ਰਹੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ 3 ਬਿੱਲ ਪੇਸ਼ ਕੀਤੇ, ਜਿਨ੍ਹਾਂ ਵਿੱਚੋਂ 'ਮਣੀਪੁਰ ਗੁੱਡਜ਼ ਐਂਡ ਸਰਵਿਸ ਟੈਕਸ ਬਿੱਲ (ਦੂਜੀ ਸੋਧ) ਬਿੱਲ, 2025' ਪਾਸ ਹੋ ਗਿਆ।
ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਪੀਐਮ ਮੋਦੀ ਨੇ ਵਿਰੋਧੀ ਧਿਰ ਨੂੰ ਨਸੀਹਤ ਦਿੰਦਿਆਂ ਕਿਹਾ ਸੀ, "ਇਹ ਸੈਸ਼ਨ ਹਾਰ ਦੀ ਨਿਰਾਸ਼ਾ ਦਾ ਮੈਦਾਨ ਨਹੀਂ ਬਣਨਾ ਚਾਹੀਦਾ। ਇੱਥੇ ਡਰਾਮਾ ਨਹੀਂ, ਡਿਲੀਵਰੀ (Delivery) ਹੋਣੀ ਚਾਹੀਦੀ ਹੈ।"
'ਵੰਦੇ ਮਾਤਰਮ' 'ਤੇ 10 ਘੰਟਿਆਂ ਦੀ ਮਹਾਬਹਿਸ?
ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਇਸ ਸੈਸ਼ਨ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। 'ਵੰਦੇ ਮਾਤਰਮ' (Vande Mataram) ਦੇ 150 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਸਦਨ ਵਿੱਚ 10 ਘੰਟਿਆਂ ਦੀ ਵਿਸ਼ੇਸ਼ ਚਰਚਾ ਕਰਵਾਈ ਜਾ ਸਕਦੀ ਹੈ। ਇਹ ਬਹਿਸ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਹੋ ਸਕਦੀ ਹੈ ਅਤੇ ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਖੁਦ ਇਸ ਵਿੱਚ ਹਿੱਸਾ ਲੈਣਗੇ।
ਪਰਮਾਣੂ ਊਰਜਾ 'ਚ ਪ੍ਰਾਈਵੇਟ ਕੰਪਨੀਆਂ ਦੀ ਐਂਟਰੀ?
ਇਸ ਸੈਸ਼ਨ ਵਿੱਚ ਸਰਕਾਰ 10 ਨਵੇਂ ਬਿੱਲ ਪੇਸ਼ ਕਰਨ ਵਾਲੀ ਹੈ, ਜੋ ਦੇਸ਼ ਦੀ ਦਿਸ਼ਾ ਬਦਲ ਸਕਦੇ ਹਨ:
1. ਐਟਮੀ ਊਰਜਾ ਬਿੱਲ: ਇਸ ਤਹਿਤ ਪਹਿਲੀ ਵਾਰ ਨਿੱਜੀ ਕੰਪਨੀਆਂ (ਦੇਸੀ ਅਤੇ ਵਿਦੇਸ਼ੀ) ਨੂੰ ਨਿਊਕਲੀਅਰ ਪਾਵਰ ਪਲਾਂਟ ਲਗਾਉਣ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਹੈ। ਅਜੇ ਤੱਕ ਇਹ ਕੰਮ ਸਿਰਫ਼ ਸਰਕਾਰੀ ਕੰਪਨੀਆਂ ਕਰਦੀਆਂ ਸਨ।
2. ਸਿੱਖਿਆ 'ਚ ਬਦਲਾਅ: ਦੂਜਾ ਵੱਡਾ ਬਿੱਲ 'ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ' (HECI) ਹੈ, ਜੋ UGC, AICTE ਅਤੇ NCTE ਨੂੰ ਖ਼ਤਮ ਕਰਕੇ ਇੱਕ ਹੀ ਰਾਸ਼ਟਰੀ ਕਮਿਸ਼ਨ ਬਣਾਏਗਾ।