ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰੱਪਿਤ ਰਹੀ ਕੇਂਦਰੀ ਪੰਜਾਬੀ ਲੇਖਕਾ ਸਭਾ ਦੀ ਮੀਟਿੰਗ
ਬਹੁਪੱਖੀ ਸਾਹਿਤਕਾਰ ਜਸਵੀਰ ਭਲੂਰੀਆ ਦੀ ਪੁਸਤਕ ‘ਨਵੀਆਂ ਬਾਤਾਂ’ ਰਿਲੀਜ਼
ਹਰਦਮ ਮਾਨ
ਸਰੀ, 14 ਨਵੰਬਰ 2025-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿੱਚ ਕੀਤੀ ਗਈ ਮਾਸਿਕ ਮਿਲਣੀ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ। ਸਭਾ ਦੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਪ੍ਰਸਿੱਧ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਦੀ ਕਾਵਿ ਰਚਨਾ “ਨਵੀਆਂ ਬਾਤਾਂ” ਲੋਕ ਅਰਪਣ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਜਸਵੀਰ ਭਲੂਰੀਆ ਅਤੇ ਸਾਹਿਤਕਾਰ ਕੁਲਵੰਤ ਸਰੋਤਾ ਨੇ ਕੀਤੀ।
ਸਭਾ ਵੱਲੋਂ ਲੇਖਕ ਬਲਦੇਵ ਦੂਹੜੇ, ਸਾਹਿਤਕਾਰ ਜੈਤੇਗ ਸਿੰਘ ਅਨੰਤ ਦੀ ਸੁਪਤਨੀ ਜਸਪਾਲ ਕੌਰ ਅਤੇ 1984 ਦੇ ਸਿੱਖ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਪ੍ਰੋ. ਕਸ਼ਮੀਰਾ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਇਤਿਹਾਸਕ, ਅਧਿਆਤਮਿਕ ਅਤੇ ਸਮਾਜਕ ਤਿੰਨਾਂ ਪੱਖਾਂ ਤੋਂ ਰੌਸ਼ਨ ਕਰਦੇ ਹੋਏ ਵਿਆਖਿਆ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਉਦਾਸੀਆਂ ਤੱਕ ਦੇ ਅਨਮੋਲ ਜੀਵਨ-ਪੜਾਅ, ਮਨੁੱਖਤਾ-ਕੇਂਦਰਿਤ ਸੋਚ, ਸਮਦਰਸ਼ੀ ਫ਼ਲਸਫ਼ਾ ਅਤੇ “ਨਾਮ-ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ” ਦੇ ਮੂਲ ਸਿਧਾਂਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਵਿਆਪਕ ਅਨਿਆਂ, ਪਖੰਡ, ਕੁਰੀਤੀਆਂ ਅਤੇ ਭੇਦਭਾਵ ਨੂੰ ਤੋੜ ਕੇ ਸਮਾਨਤਾ, ਨੈਤਿਕਤਾ ਅਤੇ ਨਿਰਭੈ ਜੀਵਨ-ਦ੍ਰਿਸ਼ਟੀਕੋਣ ਦੀ ਜੋ ਜੋਤ ਜਗਾਈ, ਉਹ ਅੱਜ ਵੀ ਮਨੁੱਖਤਾ ਦਾ ਰਾਹ ਰੁਸ਼ਨਾ ਰਹੀ ਹੈ।
ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਧਿਆਤਮਕ, ਵਿਗਿਆਨ ਅਤੇ ਫ਼ਲਸਫ਼ੇ ਨਾਲ ਜੋੜਦਿਆਂ, ਗੁਰੂ ਸਾਹਿਬ ਦੇ “ਇਕ ਓਅੰਕਾਰ” ਦੇ ਅਰਥ, ਵਿਸ਼ਾਲਤਾ ਅਤੇ ਵਿਸ਼ਵਵਿਆਪੀ ਸੰਦੇਸ਼ ਨੂੰ ਵਰਤਮਾਨ ਮਨੁੱਖੀ ਜੀਵਨ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨੁੱਖ ਨੂੰ ਅੰਦਰਲੀ ਆਵਾਜ਼ ਨਾਲ ਜੋੜਦਿਆਂ ਸੱਚੇ ਜੀਵਨ ਦੇ ਰਾਹ ਉੱਤੇ ਲੈ ਜਾਂਦੀ ਹੈ। ਡਾ. ਸੋਹੀ ਨੇ ਬਾਣੀ ਦੇ ਤਤਵ-ਗਿਆਨ, ਕਵਿਤਾ-ਰੂਪ, ਨੈਤਿਕ ਸੰਦੇਸ਼ ਅਤੇ ਸਮਾਜ-ਸੁਧਾਰਕ ਸੋਚ ਉੱਤੇ ਵੀ ਚਾਨਣ ਪਾਇਆ।
ਸਭਾ ਵੱਲੋਂ ਜਸਵੀਰ ਸਿੰਘ ਭਲੂਰੀਆ, ਕੁਲਵੰਤ ਸਰੋਤਾ, ਪਵਨ ਭੰਗੀਆ ਗੜ੍ਹਸ਼ੰਕਰ ਅਤੇ ਗੀਤਕਾਰ ਜਗਦੇਵ ਸਿੰਘ ਮਾਨ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪੁਸਤਕ “ਨਵੀਆਂ ਬਾਤਾਂ” ਦੇ ਲੋਕ ਅਰਪਣ ਸਮੇਂ ਪ੍ਰਿਤਪਾਲ ਗਿੱਲ, ਹਰਦਮ ਮਾਨ ਤੇ ਕੁਲਵੰਤ ਸਰੋਤਾ ਵੱਲੋਂ ਲੇਖਕ ਤੇ ਕਾਵਿ-ਸੰਗ੍ਰਹਿ ਬਾਰੇ ਪਰਚੇ ਪੇਸ਼ ਕੀਤੇ ਗਏ। ਜਸਵੀਰ ਭਲੂਰੀਆ ਨੇ ਆਪਣੀ ਰਚਨਾਤਮਕ ਯਾਤਰਾ ਅਤੇ ਨਵੀਂ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਬਾਲ ਲੇਖਿਕਾ ਰੂਪ ਕੌਰ ਦੀ ਪੁਸਤਕ “ਰਾਵੀ ਵੰਨਾ” ਵੀ ਪ੍ਰੋ. ਹਰਿੰਦਰ ਕੌਰ ਸੋਹੀ ਵੱਲੋਂ ਸਭਾ ਨੂੰ ਭੇਟ ਕੀਤੀ ਗਈ।
ਕਵੀ ਦਰਬਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ ਗਈਆਂ। ਇਸ ਵਿੱਚ ਪਲਵਿੰਦਰ ਸਿੰਘ ਰੰਧਾਵਾ, ਚਮਕੌਰ ਸਿੰਘ ਸੇਖੋਂ, ਦਰਸ਼ਨ ਸਿੰਘ ਸੰਘਾ, ਬਿੱਕਰ ਸਿੰਘ ਖੋਸਾ, ਪਵਨ ਭੰਗੀਆ, ਹਰਚਰਨ ਸਿੰਘ ਸੰਧੂ, ਹਰਚੰਦ ਸਿੰਘ ਗਿੱਲ, ਦਵਿੰਦਰ ਕੌਰ ਜੌਹਲ, ਸੁਖਪ੍ਰੀਤ ਬੱਡੋ, ਪਰਮਿੰਦਰ ਕੌਰ ਸਵੈਚ, ਚਰਨ ਸਿੰਘ, ਕਵਿੰਦਰ ਚਾਂਦ, ਨਰਿੰਦਰ ਸਿੰਘ ਬਾਹੀਆ, ਸੁਰਜੀਤ ਸਿੰਘ ਮਾਧੋਪੁਰੀ, ਬਲਦੇਵ ਸਿੰਘ ਬਾਠ, ਇੰਦਰਜੀਤ ਸਿੰਘ ਧਾਮੀ, ਮਾਸਟਰ ਅਮਰੀਕ ਲੇਲ੍ਹ, ਹਰਿੰਦਰ ਕੌਰ ਸੋਹੀ, ਅਮਰੀਕ ਪਲਾਹੀ, ਸੁਰਿੰਦਰ ਸਿੰਘ ਜੱਬਲ, ਜਗਦੇਵ ਸਿੰਘ ਮਾਨ ਅਤੇ ਦਰਸ਼ਨ ਸਿੰਘ ਦੁਸਾਂਝ ਅਤੇ ਹੋਰ ਕਈ ਰਚਨਾਕਾਰਾਂ ਨੇ ਆਪਣਾ ਕਾਵਿਕ-ਰੰਗ ਬਿਖੇਰਿਆ। ਬਹੁਤ ਸਾਰੇ ਸਾਹਿਤ-ਪ੍ਰੇਮੀਆਂ ਦੀ ਉਤਸ਼ਾਹਪੂਰਨ ਹਾਜਰੀ ਨੇ ਸਮਾਗਮ ਨੂੰ ਵਿਸ਼ੇਸ਼ ਰੰਗ ਬਖ਼ਸ਼ਿਆ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਾ ਦੇ ਮੈਂਬਰਾਂ, ਮਹਿਮਾਨਾਂ, ਸੱਜਣ-ਸਨੇਹੀਆਂ ਅਤੇ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮਾਗਮ ਨੂੰ ਬਹੁਤ ਹੀ ਸਫਲ, ਅਰਥਪੂਰਨ ਤੇ ਯਾਦਗਾਰੀ ਕਰਾਰ ਦਿੱਤਾ।