ਸੀ.ਏ.ਕਿਊ.ਐੱਮ. ਦੇ ਚੇਅਰਮੈਨ ਰਾਜੇਸ਼ ਵਰਮਾ ਵੱਲੋਂ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਜਾਇਜ਼ਾ
ਅਸ਼ੋਕ ਵਰਮਾ
ਲਹਿਰਾ ਮੁਹੱਬਤ (ਬਠਿੰਡਾ), 6 ਨਵੰਬਰ 2025 : ਅੱਜ ਇੱਥੇ ਸਥਿਤ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏ.ਕਿਊ.ਐੱਮ.) ਦੇ ਚੇਅਰਮੈਨ ਸ਼੍ਰੀ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ 'ਚ ਕੋਲ ਹੈਡਲਿੰਗ ਪਲਾਂਟ (ਸੀ.ਐਚ.ਪੀ) ਦਾ ਦੌਰਾ ਕਰਕੇ ਜਾਇਜਾ ਲਿਆ। ਇਸ ਮੌਕੇ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ, ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ, ਐਸਐਸਪੀ ਅਮਨੀਤ ਕੌਂਡਲ, ਚੀਫ ਇੰਜੀਨੀਅਰ ਤੇਜ ਬਾਂਸਲ ਅਤੇ ਸੀਨੀਅਰ ਇੰਜੀਨੀਅਰ ਕਪਿਲ ਦੇਵ ਆਦਿ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਸ਼੍ਰੀ ਰਾਜੇਸ਼ ਵਰਮਾ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ 'ਚ ਸਥਿਤ ਕੋਲ ਹੈਂਡਲਿੰਗ ਪਲਾਂਟ ਬਾਰੇ ਜਿੱਥੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ ਉੱਥੇ ਹੀ ਉਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਇਸ ਮੌਕੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਚੀਫ ਇੰਜੀਨੀਅਰ ਤੇਜ ਬਾਂਸਲ ਨੇ ਦੱਸਿਆ ਕਿ ਇਸ ਥਰਮਲ ਪਲਾਂਟ ਵਿੱਚ ਰੋਜ਼ਾਨਾ 16 ਹਜ਼ਾਰ ਮੀਟ੍ਰਿਕ ਟਨ ਕੋਲਾ 4 ਟ੍ਰੇਨਾਂ ਰਾਹੀਂ ਬਾਹਰੋਂ ਆਉਂਦਾ ਹੈ ਜੋ ਕਿ ਦੋ ਵਿਰਾਨ ਟਿਪਲਰ ਦੇ ਉੱਪਰ ਉੱਤਰਦਾ ਹੈ।
ਇਸ ਮੌਕੇ ਚੀਫ ਇੰਜੀਨੀਅਰ ਸ੍ਰੀ ਤੇਜ ਬਾਂਸਲ ਨੇ ਅੱਗੇ ਦੱਸਿਆ ਕਿ ਇਹ ਕੋਲਾ ਕਨਵੇਅਰ ਬੈਲਟਾਂ ਰਾਹੀਂ ਬਕਸਿਆਂ ਅੰਦਰ ਚਲਾ ਜਾਂਦਾ ਹੈ ਅਤੇ ਇਸ ਉਪਰੰਤ ਇਸ ਨੂੰ ਪੀਸਿਆ ਜਾਂਦਾ ਹੈ, ਫਿਰ ਪਾਊਡਰ ਦੇ ਰੂਪ ਵਿੱਚ ਭੱਠੀ ਵਿੱਚ ਬਲਦਾ ਹੈ। ਇਸ ਦੌਰਾਨ ਉਹਨਾਂ ਇਹ ਵੀ ਦੱਸਿਆ ਕਿ ਸੀਐਚਪੀ ਬਾਇਓਮਾਸ ਪੈਲਿਟਸ ਮਿਨੀਸਟਰੀ ਆਫ ਇਨਵਾਇਰਮੈਂਟ ਤੋਂ ਮਾਨਤਾ ਪ੍ਰਾਪਤ ਹੈ। ਉਹਨਾਂ ਇਹ ਵੀ ਦੱਸਿਆ ਕਿ ਪਰਾਲੀ ਦੀਆਂ ਗਿਟੀਆਂ ਬਣਾ ਕੇ 5 ਫੀਸਦੀ ਕੋਲੇ 'ਚ ਵਰਤਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਸੀ.ਏ.ਕਿਉ.ਐੱਮ . ਦੇ ਚੇਅਰਮੈਨ ਸ਼੍ਰੀ ਰਾਜੇਸ਼ ਵਰਮਾ ਦਾ ਸਥਾਨਕ ਲੇਕ ਵਿਊ ਵਿਖੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਭਰਵਾ ਸਵਾਗਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਅਧਿਕਾਰੀ ਆਦਿ ਹਾਜ਼ਰ ਸਨ।