ਸਿਹਤ ਵਿਭਾਗ ਵੱਲੋਂ ਹਲਕਾਅ ਤੋਂ ਬਚਾਅ ਲਈ ਸੁਰੱਖਿਆ ਉਪਾਅ ਅਤੇ ਜ਼ਰੂਰੀ ਹਦਾਇਤਾਂ ਜਾਰੀ
ਅਸ਼ੋਕ ਵਰਮਾ
ਨਥਾਣਾ, 30 ਜੂਨ 2025:ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਰੇਬੀਜ਼ ਸਬੰਧੀ ਜਾਗਰੂਕਤਾ ਸਰਗਰਮੀਆਂ ਜਾਰੀ ਹਨ। ਡਾ. ਨਵਦੀਪ ਕੌਰ ਸਰਾਂ ਨੇ ਹਲਕਾਅ ਤੋਂ ਬਚਣ ਦੇ ਸੁਰੱਖਿਆ ਉਪਾਅ ਅਤੇ ਜਰੂਰੀ ਹਦਾਇਤਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਰੇਬੀਜ਼ ਬੇਸ਼ੱਕ ਘਾਤਕ ਤੇ ਲਾਇਲਾਜ ਬਿਮਾਰੀ ਹੈ, ਪਰ ਇਸ ਤੋਂ ਬਚਾਓ ਸਬੰਧੀ ਮੁਕੰਮਲ ਜਾਣਕਾਰੀ ਰੱਖ ਕੇ ਇਸ ਤੋਂ ਪੂਰਨ ਬਚਾਅ ਹੋ ਸਕਦਾ ਹੈ। ਇਸ ਲਈ ਲੋਕਾਂ ਵਿਚ ਇਸ ਸਬੰਧੀ ਜਾਗਰੂਕਤਾ ਬਹੁਤ ਜਰੂਰੀ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ।
ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਜਖ਼ਮ ਨੂੰ ਵਗਦੇ ਪਾਣੀ ਵਿੱਚ 15 ਮਿੰਟ ਤੱਕ ਸਾਬਣ ਪਾਣੀ ਨਾਲ ਤੁਰੰਤ ਧੋਵੋ, ਮੌਕੇ ਤੇ ਮੌਜੂਦ ਆਇਓਡੀਨ, ਅਲਕੋਹਲ ਜਾਂ ਸਪਿਰਿਟ ਜਾਂ ਘਰ ਵਿੱਚ ਉਪਲਬਧ ਐਂਟੀਸੈਪਟਿਕ ਲਗਾਓ। ਜਖ਼ਮ ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਬਲਕਿ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਤੁਰੰਤ ਬਾਅਦ ਸਮੇਂ ਸਿਰ ਆਪਣਾ ਰੇਬੀਜ਼ ਦਾ ਸੰਪੂਰਨ ਟੀਕਾਕਰਣ ਕਰਵਾਓ । ਸਰਕਾਰੀ ਹਸਪਤਾਲਾਂ, ਸਮੁਦਾਇਕ ਸਿਹਤ ਕੇਂਦਰਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਜਾਨਵਰ ਆਪਣੇ ਬਚਾਅ ਵਿੱਚ ਅਤੇ ਉਤੇਜਿਤ ਹੋ ਕੇ ਹੀ ਵੱਢਦੇ ਹਨ। ਇਸ ਲਈ ਜਾਨਵਰਾਂ ਨੂੰ ਪਰੇਸ਼ਾਨ ਨਾ ਕਰੋ ਅਤੇ ਨਾ ਹੀ ਡਰਾਓ। ਕੁੱਤਿਆਂ ਨੂੰ ਖੇਡਦੇ ਸਮੇਂ, ਨੀਂਦ ਵੇਲੇ ਜਾਂ ਬਿਮਾਰੀ ਦੌਰਾਨ ਤੰਗ ਨਾ ਕਰੋ। ਜਦੋਂ ਜਾਨਵਰ ਗੁੱਸੇ ਵਿੱਚ ਹੋਵੇ ਤਾਂ ਉਸ ਤੋਂ ਦੂਰ ਰਹੋ। ਉਹਨਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਰਸਤੇ ਵਿੱਚ ਤੁਹਾਨੂੰ ਕੁੱਤਾ ਕੱਟ ਜਾਂਦਾ ਹੈ ਤਾਂ ਆਪਣੇ ਅਧਿਆਪਕ ਜਾਂ ਮਾਤਾ ਪਿਤਾ ਨੂੰ ਇਸ ਦੀ ਜਾਣਕਾਰੀ ਦਿਓ। ਉਹਨਾਂ ਕਿਹਾ ਕਿ ਉਹ ਪਰਿਵਾਰ ਜਿਨ੍ਹਾਂ ਨੇ ਕੁੱਤੇ ਜਾਂ ਕੋਈ ਹੋਰ ਜਾਨਵਰ ਘਰ ਵਿੱਚ ਰੱਖੇ ਹਨ, ਉਹਨਾਂ ਦੇ ਹਰੇਕ ਸਾਲ ਟੀਕਾਕਰਣ ਕਰਵਾਇਆ ਜਾਵੇ ਤਾਂ ਜ਼ੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।