ਸਿਵਲ ਸਰਜਨ ਬਠਿੰਡਾ ਵੱਲੋਂ ਮੂੰਹ ਦੇ ਕੈਂਸਰ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ
ਅਸ਼ੋਕ ਵਰਮਾ
ਬਠਿੰਡਾ , 19 ਮਾਰਚ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ ਕਰਨ ਅਬਰੋਲ ਦੀ ਅਗਵਾਈ ਹੇਠ ਕੈਂਸਰ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ 20 ਮਾਰਚ ਨੂੰ ਮਨਾਏ ਜਾਣ ਵਾਲੇ ਮੂੰਹ ਦੇ ਕੈਂਸਰ ਦਿਵਸ ਦੇ ਸਬੰਧ ਵਿੱਚ ਅੱਜ ਦਫ਼ਤਰ ਸਿਵਲ ਸਰਜਨ ਬਠਿੰਡਾ ਵੱਲੋਂ ਇੱਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਗਿਆ। ਇਹ ਪੋਸਟਰ ਸਿਵਲ ਸਰਜਨ ਡਾ ਤਪਿੰਦਰਜੋਤ ਵੱਲੋਂ ਜਾਰੀ ਕੀਤਾ ਗਿਆ ਅਤੇ ਉਹਨਾਂ ਨਾਲ ਜਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ ਕਰਨ ਅਬਰੋਲ , ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਕੇਵਲ ਸਿੰਘ , ਬੀ.ਈ.ਈ ਗਗਨਦੀਪ ਸਿੰਘ ਭੁੱਲਰ ਅਤੇ ਐਨ.ਸੀ.ਡੀ ਤੋਂ ਸੁਖਵਿੰਦਰ ਸਿੰਘ ਹਾਜਰ ਸਨ । ਪੋਸਟਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮੂੰਹ ਦੇ ਕੈਂਸਰ ਦੇ ਲੱਛਣਾਂ, ਕਾਰਨਾਂ ਅਤੇ ਬਚਾਅ ਬਾਰੇ ਜਾਣੂ ਕਰਵਾਉਣਾ ਹੈ।
ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਮੂੰਹ ਦਾ ਕੈਂਸਰ ਇੱਕ ਗੰਭੀਰ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਤੰਬਾਕੂ ਦੇ ਸੇਵਨ, ਗੁਟਖਾ, ਪਾਨ ਮਸਾਲਾ ਅਤੇ ਸ਼ਰਾਬ ਦੀ ਵਰਤੋਂ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬਿਮਾਰੀ ਦੀ ਸਮੇਂ ਸਿਰ ਪਛਾਣ ਹੋ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ। ਇਸ ਲਈ ਮੂੰਹ ਵਿੱਚ ਛਾਲੇ, ਲੰਬੇ ਸਮੇਂ ਤੱਕ ਨਾ ਠੀਕ ਹੋਣ ਵਾਲੇ ਜ਼ਖਮ, ਗਿੱਠ ਜਾਂ ਦਰਦ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।
ਜਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ ਕਰਨ ਅਬਰੋਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੋਸਟਰ ਵਿੱਚ ਦਰਸਾਇਆ ਗਿਆ ਹੈ ਕਿ ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣਾ, ਸਾਫ-ਸੁਥਰੀ ਜੀਵਨ ਸ਼ੈਲੀ ਅਪਣਾਉਣਾ ਅਤੇ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣਾ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਬਹੁਤ ਜਰੂਰੀ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਲਈ ਜਾਗਰੂਕ ਬਣਨ ਅਤੇ ਕਿਸੇ ਵੀ ਸੰਦੇਹਜਨਕ ਲੱਛਣ ਦੇ ਮਾਮਲੇ ਵਿੱਚ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
Click to Follow Babushahi Facebook page →