ਸਿਵਲ ਸਰਜਨ ਬਠਿੰਡਾ ਵੱਲੋਂ ਬਲੱਡ ਬੈਂਕ ਵਿਖੇ ਖੂਨਦਾਨ ਕਰਨ ਵਾਲੀਆਂ ਔਰਤਾਂ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 20 ਮਾਰਚ 2026 :ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਬਲੱਡ ਬੈਂਕ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਮਹਿਲਾ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੁਣ ਬਾਂਸਲ, ਬੀ.ਟੀ.ਓ.,ਡਾ. ਰਿਤੀਕਾ, ਡਾ. ਗੁੰਜਨ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਸਮੇਤ ਖੂਨਦਾਨੀ ਔਰਤਾਂ ਹਾਜ਼ਰ ਸਨ ।
ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਸਵੈ ਇੱਛੁਕ ਖੂਨ-ਦਾਨ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਮਾਜਿਕ ਯੋਗਦਾਨ ਲਈ ਸਰਾਹਨਾ ਕੀਤੀ । ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨ-ਦਾਨ ਕੀਤਾ ਜਾਵੇ ਤਾਂ ਜੋ ਹਸਪਤਾਲਾਂ ਵਿੱਚ ਐਂਮਰਜੈਸੀ ਦੌਰਾਨ ਖੂਨ ਲੋੜਵੰਦ ਮਰੀਜ਼ਾਂ ਦੇ ਕੰਮ ਆ ਸਕੇ।
ਸਮਾਰੋਹ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ ਅਰੁਣ ਬਾਂਸਲ ਨੇ ਕਿਹਾ ਕਿ ਖੂਨ ਦੀ ਇੱਕ ਯੂਨਿਟ ਨਾਲ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਖੂਨਦਾਨ ਕਰਨਾ ਸਭ ਤੋਂ ਪਵਿੱਤਰ ਸਮਾਜਿਕ ਫਰਜ਼ ਹੈ ਅਤੇ ਹਰ ਵਿਅਕਤੀ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਵੈ ਸੇਵੀ ਸੰਸਥਾਵਾਂ, ਖੂਨਦਾਨ ਸੋਸਾਇਟੀਆਂ ਅਤੇ ਸਟਾਰ ਡੋਨਰ ਪਹਿਲਾਂ ਵੀ ਸਿਹਤ ਵਿਭਾਗ ਦੇ ਹਰੇਕ ਪ੍ਰੋਗ੍ਰਾਮ ਵਿੱਚ ਪਹਿਲੇ ਸੱਦੇ 'ਤੇ ਖੂਨਦਾਨ ਕਰ ਰਹੀਆਂ ਹਨ ਅਤੇ ਹੋਰ ਪ੍ਰੋਗਰਾਮਾਂ ਵਿੱਚ ਸਹਿਯੋਗ ਦਿੰਦੀਆਂ ਰਹੀਆਂ ਹਨ ਅਤੇ ਅੱਗੇ ਤੋਂ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਡਾ. ਗੁੰਜਨ ਅਤੇ ਡਾ. ਰਿਤੀਕਾ ਨੇ ਕਿਹਾ ਕਿ ਵੱਖ ਵੱਖ ਨਾਜ਼ੁਕ ਹਾਲਤਾਂ ਜਿਵੇਂ ਦੁਰਘਟਨਾ, ਬੱਚੇ ਦੀ ਜਨਮ, ਥੈਲੇਸੀਮੀਆ ਅਤੇ ਕੈਂਸਰ ਆਦਿ ਬਿਮਾਰੀਆਂ ਵਿੱਚ ਖੂਨ ਦੀ ਜ਼ਰੂਰਤ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਅਤੇ ਘੱਟੋ ਘੱਟ 50 ਕਿਲੋਗ੍ਰਾਮ ਭਾਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਹਰੇਕ 3 ਮਹੀਨਿਆਂ ਬਾਅਦ ਖੂਨ ਦਾਨ ਕਰ ਸਕਦਾ ਹੈ । ਖੂਨਦਾਨ ਕਰਨ ਦਾ ਸਰੀਰ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਅਤੇ ਦਾਨ ਕੀਤਾ ਖੂਨ 24 ਘੰਟੇ ਤੋਂ 7 ਦਿਨਾਂ ਤੱਕ ਮਨੁੱਖੀ ਸਰੀਰ ਵਿਚ ਦੁਬਾਰਾ ਪੈਦਾ ਹੋ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਬਠਿੰਡਾ ਵੱਲੋਂ ਖੂਨਦਾਨ ਕਾਰਜਾਂ ਵਿਚ ਜੁਟੀਆਂ ਅਤੇ ਖੂਨਦਾਨੀ ਔਰਤਾਂ ਨੂੰ ਸਰਟੀਫਿਕੇਟ ਅਤੇ ਗਲਦਸਤੇ ਦੇ ਕੇ ਸਨਮਾਨਿਤ ਕੀਤਾ।
Click to Follow Babushahi Facebook page →