ਸਾਂਝੇ ਮਜਦੂਰ ਮੋਰਚੇ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਤਹਿਤ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,20 ਜੁਲਾਈ 2025 :ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਪੰਜਾਬ ਸਰਕਾਰ ਖਿਲਾਫ ਆਪਣੀ ਸੰਘਰਸ਼ੀ ਰਣਨੀਤੀ ਤਹਿਤ 4 ਅਗਸਤ ਨੂੰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਲਾਉਣ ਦਾ ਐਲਾਨ ਕਰ ਦਿੱਤਾ ਹੈ। ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਮਾਲਵਾ ਜੋਨ ਦੀ ਵਿਸ਼ਾਲ ਕਨਵੈਨਸ਼ਨ ਕਰਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਫੈਸਲਾ ਲਿਆ ਗਿਆ। ਸਾਂਝੇ ਮਜਦੂਰ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ ਪੱਕੇ ਰੁਜ਼ਗਾਰ ਦੀ ਗਰੰਟੀ, ਚੋਣ ਵਾਅਦਿਆਂ ਅਨੁਸਾਰ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਪੈਨਸ਼ਨਾਂ ਦੀ ਰਾਸ਼ੀ ਚ ਵਾਧਾ ਕਰਨ, ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਠੇਕੇ 'ਤੇ ਦੇਣ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ,ਜ਼ਮੀਨੀ ਹੱਦਬੰਦੀ ਕਾਨੂੰਨ ਤੋਂ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਚ ਕਰਾਉਣ, ਕਰਜ਼ਾ ਮੁਆਫ਼ੀ ਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਹੱਕ ਦੀ ਬਹਾਲੀ ਵਰਗੀਆਂ ਮੰਗਾਂ ਦਾ ਸਬੰਧ ਇਹਨਾਂ ਧਰਨਿਆਂ ਨਾਲ ਹੋਵੇਗਾ।
ਉਹਨਾਂ ਦੱਸਿਆ ਕਿ 4 ਅਗਸਤ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ( ਸੁਨਾਮ), ਡਾਕਟਰ ਬਲਜੀਤ ਕੌਰ ( ਮਲੋਟ), ਹਰਭਜਨ ਸਿੰਘ ਈ ਟੀ ਓ (ਜੰਡਿਆਲਾ ਗੁਰੂ) , ਮਹਿੰਦਰ ਭਗਤ (ਜਲੰਧਰ) ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ (ਸੰਧਵਾਂ) ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦਿੱਤੇ ਜਾਣਗੇ। ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਭਗਵੰਤ ਮਾਨ ਸਰਕਾਰ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਾਗੂ ਕਰਨ ਦੀ ਥਾਂ ਲਗਾਤਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਹਨਾਂ ਦੋਸ਼ ਲਾਇਆ ਕਿ ਜਿੱਥੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਰਤ ਕੋਡ ਬਣਾ ਕੇ ਕਿਰਤੀਆਂ ਦੇ ਹੱਕਾਂ 'ਤੇ ਡਾਕਾ ਮਾਰਿਆ ਗਿਆ ਉਥੇ ਭਗਵੰਤ ਮਾਨ ਸਰਕਾਰ ਵੱਲੋਂ ਵੀ ਮਜ਼ਦੂਰਾਂ ਦੀ ਕੰਮ ਦਿਹਾੜੀ ਦੇ ਘੰਟੇ ਵਧਾਕੇ ਮਜ਼ਦੂਰਾਂ ਨਾਲ਼ ਧ੍ਰੋਹ ਕਮਾਇਆ ਗਿਆ।
ਉਹਨਾਂ ਦੋਸ਼ ਲਾਇਆ ਕਿ ਆਪ ਸਰਕਾਰ ਸੰਘਰਸ਼ਸ਼ੀਲ ਮਜ਼ਦੂਰਾਂ ਕਿਸਾਨਾਂ 'ਤੇ ਪੁਲਿਸ ਜਬਰ ਤੇਜ਼ ਕਰਨ ਰਾਹੀਂ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ। ਅੱਜ ਦੀ ਕਨਵੈਨਸ਼ਨ ਨੂੰ ਸਾਂਝੇ ਮਜਦੂਰ ਮੋਰਚੇ ਦੇ ਸੂਬਾਈ ਆਗੂ ਤਰਸੇਮ ਪੀਟਰ, ਗੁਰਨਾਮ ਸਿੰਘ ਦਾਊਦ, ਲਛਮਣ ਸਿੰਘ ਸੇਵੇਵਾਲਾ, ਭੂਪ ਚੰਦ ਚੰਨੋ, ਕੁਲਵੰਤ ਸਿੰਘ ਸੇਲਵਰਾ, ਗੋਬਿੰਦ ਸਿੰਘ ਛਾਜਲੀ, ਮਿੱਠੂ ਸਿੰਘ ਘੁੱਦਾ, ਗੁਰਬਿੰਦਰ ਸਿੰਘ ਬੌੜਾ, ਹਰਮੇਸ਼ ਮਾਲੜੀ, ਮੰਗਾ ਸਿੰਘ ਵੈਰੋਕੇ, ਪ੍ਰਕਾਸ਼ ਸਿੰਘ ਨੰਦਗੜ੍ਹ, ਨਿਰੰਜਣ ਸਿੰਘ, ਮੰਗਾ ਸਿੰਘ ਵੈਰੋਕੇ, ਦਰਸ਼ਨ ਨਾਹਰ, ਮੇਜ਼ਰ ਸਿੰਘ ਸੀਰਵਾਲੀ ਜਗਸੀਰ ਸਿੰਘ ਮਹਿਰਾਜ , ਬਲਵਿੰਦਰ ਸਿੰਘ ਘਰਾਂਗਣਾਂ ਰਿਸ਼ੀ ਪਾਲ ਖੁੱਬਣ,ਅਮੀ ਲਾਲ਼, ਆਦਿ ਆਗੂਆਂ ਨੇ ਸੰਬੋਧਨ ਕੀਤਾ।
ਆਗੂਆਂ ਨੇ ਐਲਾਨ ਕੀਤਾ ਕਿ ਇਹਨਾਂ ਧਰਨਿਆਂ ਦੀ ਸਫਲਤਾ ਲਈ 22 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਹੋਰ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਮਾਝੇ ਤੇ ਦੋਆਬੇ ਦੇ ਆਗੂਆਂ ਵਰਕਰ ਸ਼ਾਮਲ ਹੋਣਗੇ। ਕਨਵੈਨਸ਼ਨ ਦੌਰਾਨ ਇਕ ਮਤੇ ਰਾਹੀਂ ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਖੇ ਸ਼ਰਾਬ ਦੇ ਨਜਾਇਜ਼ ਠੇਕੇ ਖਿਲਾਫ ਦਿੱਤੇ ਜਾ ਰਹੇ ਧਰਨੇ ਤੇ ਬੈਠੇ ਮਜ਼ਦੂਰ ਮਰਦ ਔਰਤਾਂ ਨੂੰ ਪੁਲਿਸ ਵੱਲੋਂ ਗਿਰਫ਼ਤਾਰ ਕਰਨ ਦੀ ਨਿਖੇਧੀ ਕਰਦਿਆਂ ਗਿਰਫ਼ਤਾਰ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਦੂਸਰੇ ਮਤੇ ਰਾਹੀਂ 25 ਜੁਲਾਈ ਨੂੰ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸਰਕਾਰੀ ਜਬਰ ਵਿਰੋਧੀ ਰੈਲੀ ਦੇ ਸਮਰਥਨ ਦਾ ਐਲਾਨ ਕੀਤਾ ਗਿਆ।