ਸਮਰਾਲਾ: ਨਾਕਾ ਤੋੜ ਕੇ ਫਰਾਰ ਹੋਈ ਕਾਰ ਦਾ ਪਿੱਛਾ ਕਰਦਿਆਂ ਪੁਲਿਸ ਦੀ ਗੱਡੀ ਪਲਟੀ; ASI ਸਮੇਤ ਦੋ ਮੁਲਾਜ਼ਮ ਜ਼ਖ਼ਮੀ
ਹਮਲਾਵਰਾਂ ਨੇ ਪੁਲਿਸ ਦੀ ਗੱਡੀ ਨੂੰ ਮਾਰੀ ਫੇਟ; ਦੋ ਕਾਰ ਸਵਾਰਾਂ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ
Ravinder Singh
ਸਮਰਾਲਾ, 11 ਮਾਰਚ 2026- ਸਮਰਾਲਾ ਦੇ ਨਜ਼ਦੀਕ ਪੁਲਿਸ ਚੌਂਕੀ ਹੇਡੋਂ ਵਿਖੇ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਇੱਕ ਤੇਜ਼ ਰਫ਼ਤਾਰ ਸਵਿਫਟ ਕਾਰ ਹਾਈਟੈਕ ਨਾਕੇ ਨੂੰ ਤੋੜ ਕੇ ਫਰਾਰ ਹੋ ਗਈ। ਇਸ ਕਾਰ ਦਾ ਪਿੱਛਾ ਕਰ ਰਹੀ ਪੁਲਿਸ ਦੀ ਗੱਡੀ ਹਾਦਸਾਗ੍ਰਸਤ ਹੋ ਕੇ ਪਲਟ ਗਈ, ਜਿਸ ਵਿੱਚ ਇੱਕ ਏ.ਐਸ.ਆਈ. (ASI) ਸਮੇਤ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਸਮਰਾਲਾ ਦੇ ਥਾਣਾ ਮੁਖੀ (SHO) ਹਰਵਿੰਦਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ, ਪੁਲਿਸ ਵੱਲੋਂ ਚੌਂਕੀ ਹੇਡੋਂ ਵਿਖੇ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਲਈ ਹਾਈਟੈਕ ਨਾਕਾ ਲਗਾਇਆ ਗਿਆ ਸੀ।
ਲੁਧਿਆਣਾ ਵਾਲੇ ਪਾਸਿਓਂ ਆ ਰਹੀ ਇੱਕ ਸਵਿਫਟ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਚਾਲਕ ਨੇ ਰੁਕਣ ਦੀ ਬਜਾਏ ਬੈਰੀਕੇਟਾਂ ਨੂੰ ਟੱਕਰ ਮਾਰੀ ਅਤੇ ਗੱਡੀ ਭਜਾ ਕੇ ਲੈ ਗਿਆ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਸਰਕਾਰੀ ਗੱਡੀ ਰਾਹੀਂ ਕਾਰ ਦਾ ਪਿੱਛਾ ਕੀਤਾ। ਪਿੰਡ ਨਾਨੋਵਾਲ ਦੇ ਨਜ਼ਦੀਕ ਜਦੋਂ ਪੁਲਿਸ ਗੱਡੀ ਫਰਾਰ ਕਾਰ ਦੇ ਬਿਲਕੁਲ ਕੋਲ ਪਹੁੰਚੀ, ਤਾਂ ਕਾਰ ਸਵਾਰਾਂ ਨੇ ਪੁਲਿਸ ਦੀ ਗੱਡੀ ਨੂੰ ਜ਼ੋਰਦਾਰ ਫੇਟ ਮਾਰੀ। ਇਸ ਕਾਰਨ ਪੁਲਿਸ ਦੀ ਗੱਡੀ ਸੰਤੁਲਨ ਵਿਗੜਨ ਕਰਕੇ ਸੜਕ 'ਤੇ ਪਲਟ ਗਈ।
ਜ਼ਖ਼ਮੀ ਮੁਲਾਜ਼ਮ ਅਤੇ ਪੁਲਿਸ ਦੀ ਕਾਰਵਾਈ
ਇਸ ਹਾਦਸੇ ਵਿੱਚ ਏ.ਐਸ.ਆਈ. ਗੁਰਵੀਰ ਸਿੰਘ ਅਤੇ ਇੱਕ ਹੋਰ ਮੁਲਾਜ਼ਮ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਨੇ ਫਰਾਰ ਹੋਈ ਸਵਿਫਟ ਕਾਰ ਦਾ ਨੰਬਰ ਅਤੇ ਹੋਰ ਵੇਰਵੇ ਹਾਸਲ ਕਰ ਲਏ ਹਨ। ਥਾਣਾ ਮੁਖੀ ਅਨੁਸਾਰ, ਕਾਰ ਸਵਾਰ ਦੋਵਾਂ ਵਿਅਕਤੀਆਂ ਵਿਰੁੱਧ ਇਰਾਦਾ ਕਤਲ (Attempt to Murder) ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।
Click to Follow Babushahi Facebook page →