ਸਕੇਪ ਸਾਹਿਤਕ ਸੰਸਥਾ ਵੱਲੋਂ ਕਵੀ ਦਰਬਾਰ, ‘ਸ਼ਬਦ ਸਿਰਜਣਹਾਰੇ’ ਪੁਰਸਕਾਰ 2025 ਦਾ ਆਯੋਜਨ
-ਰਵਿੰਦਰ ਸਹਿਰਾਅ ਦਾ ਸਫ਼ਰਨਾਮਾ “ਲਾਹੌਰ ਨਾਲ਼ ਗੱਲਾਂ” ਲੋਕ ਅਰਪਣ
Gurmit Palahi
ਫਗਵਾੜਾ, 2 ਦਸੰਬਰ 2025 ਸਕੇਪ ਸਾਹਿਤਕ ਸੰਸਥਾ ਵੱਲੋਂ ਅੱਜ ਇੱਕ ਸ਼ਾਨਦਾਰ ਕਵੀ ਦਰਬਾਰ ਅਤੇ ‘ਸ਼ਬਦ ਸਿਰਜਣਹਾਰੇ ਪੁਰਸਕਾਰ 2025’ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਸ਼ਾਇਰ ਬਲਦੇਵ ਰਾਜ ਕੋਮਲ ਅਤੇ ਸੁਰਜੀਤ ਸਾਜਨ ਨੂੰ ਉਹਨਾਂ ਦੇ ਕੀਮਤੀ ਸਾਹਿਤਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸੇ ਮੌਕੇ ਰਵਿੰਦਰ ਸਹਿਰਾਅ ਦੀ ਨਵੀਂ ਪੁਸਤਕ “ਲਾਹੌਰ ਨਾਲ਼ ਗੱਲਾਂ” ਦਾ ਵੀ ਲੋਕ ਅਰਪਣ ਕੀਤਾ ਗਿਆ, ਜਿਸਨੇ ਸਮਾਗਮ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰ:ਗੁਰਮੀਤ ਸਿੰਘ ਪਲਾਹੀ, ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ, ਪ੍ਰਿੰ. ਨਿਰਮਲ ਸਿੰਘ, ਰਵਿੰਦਰ ਸਹਿਰਾਅ, ਸੁਰਜੀਤ ਸਾਜਨ,ਲਖਵਿੰਦਰ ਸਿੰਘ ਜੌਹਲ,ਬਲਦੇਵ ਰਾਜ ਕੋਮਲ ਨੇ ਸ਼ਿਰਕਤ ਕੀਤੀ। ਸੰਸਥਾ ਦੇ ਸਰਪ੍ਰਸਤ ਪ੍ਰਿੰ:ਗੁਰਮੀਤ ਸਿੰਘ ਪਲਾਹੀ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਸਾਹਿਤਕ ਇਤਿਹਾਸ ਵਿੱਚ ਰਵਿੰਦਰ ਸਹਿਰਾਅ ਅਜਿਹੇ ਲੇਖਕ ਹਨ ਜੋ ਆਪਣੇ ਲੇਖਣੀ ਰਾਹੀਂ ਲੋਕਾਂ ਦੇ ਦੁੱਖ-ਸੁੱਖ ਬਹੁਤ ਵਧੀਆ ਤਰੀਕੇ ਨਾਲ਼ ਦਰਸਾਉਂਦੇ ਰਹੇ ਹਨ। ਉਹਨਾਂ ਨੇ ਕਿਹਾ ਕਿ “ਲਾਹੌਰ ਨਾਲ਼ ਗੱਲਾਂ” ਸਿਰਫ਼ ਪੁਸਤਕ ਨਹੀਂ, ਸਗੋਂ ਦੋਵੇਂ ਪੰਜਾਬਾਂ ਨੂੰ ਇੱਕ ਜਜ਼ਬਾਤੀ ਡੋਰ ਨਾਲ਼ ਜੋੜਦੀ ਰੂਹਾਨੀ ਯਾਤਰਾ ਹੈ। ਇਹ ਪੁਸਤਕ ਪੜ੍ਹਦਿਆਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਪਾਠਕ ਖ਼ੁਦ ਲਾਹੌਰ ਦੀਆਂ ਗਲੀਆਂ ਵਿੱਚ ਤੁਰ ਰਿਹਾ ਹੋਵੇ।
ਸਾਹਿਤਕਾਰ ਲਖਵਿੰਦਰ ਸਿੰਘ ਜੌਹਲ ਨੇ ਰਵਿੰਦਰ ਸਹਿਰਾਅ ਦੇ ਲੰਬੇ ਸਾਹਿਤਕ ਸਫ਼ਰ, ਸਮਾਜਿਕ ਸਮਰਪਣ ਅਤੇ ਆਪਣੀ ਮਿੱਟੀ,ਆਪਣੀ ਭਾਸ਼ਾ ਨਾਲ਼ ਅਟੁੱਟ ਨਿਭਾਅ ਦੀ ਪ੍ਰਸੰਸਾ ਕੀਤੀ। ਉਹਨਾਂ ਨੇ ਕਿਹਾ ਕਿ ਭਾਵੇਂ ਜੀਵਨ ਨੇ ਕਈ ਪ੍ਰੀਖਿਆਵਾਂ ਦਿੱਤੀਆਂ, ਪਰ ਰਵਿੰਦਰ ਸਹਿਰਾਅ ਨੇ ਕਦੇ ਵੀ ਆਪਣਾ ਰਸਤਾ ਨਹੀਂ ਛੱਡਿਆ ਅਤੇ ਜਿੱਥੇ ਵੀ ਰਹੇ—ਪੰਜਾਬੀਅਤ ਦੀ ਰੌਸ਼ਨੀ ਜਗਾਉਂਦੇ ਰਹੇ। ਡਾ. ਜਗੀਰ ਸਿੰਘ ਨੂਰ ਨੇ ਪੁਸਤਕ ਦੀ ਸਾਹਿਤਕ ਮਹੱਤਤਾ ਨੂੰ ਰੋਸ਼ਨ ਕਰਦਿਆਂ ਕਿਹਾ ਕਿ ਇਸ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਯਾਦਾਂ, ਇਤਿਹਾਸਕ ਤੱਥਾਂ, ਤਜਰਬਿਆਂ ਅਤੇ ਬਰੀਕ ਹਕੀਕਤਾਂ ਨੂੰ ਇਕ ਵਿਲੱਖਣ ਅੰਦਾਜ਼ ਨਾਲ ਦਰਜ ਕੀਤਾ ਗਿਆ ਹੈ। ਉਹਨਾਂ ਦੇ ਮੁਤਾਬਕ ਇਹ ਪੁਸਤਕ ਸਿਰਫ਼ ਸਫ਼ਰਨਾਮਾ ਹੀ ਨਹੀਂ, ਸਗੋਂ ਸੱਭਿਆਚਾਰਕ ਜੋੜ ਅਤੇ ਮਨੁੱਖੀ ਰਿਸ਼ਤਿਆਂ ਦੀ ਸੁਗੰਧ ਨਾਲ ਭਰਪੂਰ ਇੱਕ ਕੀਮਤੀ ਦਸਤਾਵੇਜ਼ ਹੈ। ਪ੍ਰਿੰ.ਨਿਰਮਲ ਸਿੰਘ, ਭੁਪਿੰਦਰ ਕੌਰ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ।
ਸਮਾਰੋਹ ਵਿੱਚ ਹੋਰ ਕਈ ਪ੍ਰਤਿਭਾਸ਼ਾਲੀ ਕਵੀਆਂ ਰਵਿੰਦਰ ਸਿੰਘ ਰਾਏ, ਸੋਢੀ ਸੱਤੋਵਾਲੀ, ਦਲਜੀਤ ਮਹਿਮੀ ਕਰਤਾਰਪੁਰ, ਕੈਪਟਨ ਦਵਿੰਦਰ ਸਿੰਘ ਜੱਸਲ, ਗੁਰਮੁਖ ਲੋਹਾਰ, ਨਾਨਕ ਚੰਦ ਵਿਰਲੀ, ਬਚਨ ਗੁੜਾ, ਅਜੀਤ ਪਾਲ ਸਿੰਘ ਕੋਛੜ, ਸੋਢੀ ਭਬਿਆਣਵੀ, ਸੁਖਦੇਵ ਭੱਟੀ ਫਿਰੋਜ਼ਪੁਰੀ, ਗੁਰਦੀਪ ਸਿੰਘ ਉਜਾਲਾ, ਉਰਮਲਜੀਤ ਸਿੰਘ ਵਾਲੀਆ, ਓਮ ਪ੍ਰਕਾਸ਼ ਸੰਦਲ, ਲਸ਼ਕਰ ਢੰਡਵਾੜਵੀ, ਭਿੰਡਰ ਪਟਵਾਰੀ, ਨਿਆਣਾ ਹਰਜਿੰਦਰ , ਜੱਸ ਸਰੋਆ, ਮਿੱਤਰ ਮਨਜੀਤ, ਲਵਪ੍ਰੀਤ ਰਾਏ, ਡਾ. ਇੰਦਰਜੀਤ ਸਿੰਘ ਵਾਸੂ, ਹਰਚਰਨ ਭਾਰਤੀ, ਨਗੀਨਾ ਸਿੰਘ ਬਲੱਗਣ, ਭਾਵਨਾ, ਸਰਗਮ ਨੇ ਆਪਣਾ ਰਸ ਭਰਿਆ ਕਲਾਮ ਵੀ ਪੇਸ਼ ਕੀਤਾ।ਸਮਾਗਮ ਦਾ ਸਟੇਜ ਸੰਚਾਲਨ ਕਮਲੇਸ਼ ਸੰਧੂ ਨੇ ਕੀਤਾ। ਸਕੇਪ ਸਾਹਿਤਕ ਸੰਸਥਾ ਵੱਲੋਂ ਸੰਸਥਾ ਦੇ ਮੀਤ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਮੌਜੂਦ ਸਭ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਰਚਨਾਤਮਕ ਸਮਾਰੋਹ ਜਾਰੀ ਰਹਿਣਗੇ, ਤਾਂ ਜੋ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਸਾਹਿਤ ਸਿਰਜਣਾ ਦੀਆਂ ਰੌਸ਼ਨ ਪਰੰਪਰਾਵਾਂ ਨੂੰ ਹੋਰ ਵਧਾਇਆ ਜਾ ਸਕੇ। ਇਸ ਮੌਕੇ ਨੀਰੂ ਸਹਿਰਾਅ, ਐਡਵੋਕੇਟ ਐੱਸ.ਐੱਲ.ਵਿਰਦੀ, ਬੰਸੋ ਦੇਵੀ, ਲੇਖ ਰਾਜ, ਕੁਲਦੀਪ ਕੁਮਾਰ, ਮਨਪ੍ਰੀਤ ਸਿੰਘ, ਸਮਰਜੀਤ ਸਿੰਘ, ਹਰਮਨ ਸਿੰਘ, ਮਨਦੀਪ ਸਿੰਘ, ਯਸ਼ ਚੋਪੜਾ, ਅਸ਼ੋਕ ਸ਼ਰਮਾ, ਰੁਪਿੰਦਰ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।