ਵੂਮੈਨ ਕਮਿਸ਼ਨ ਦੀ ਤਲਬੀ ਦੇ ਬਾਵਜੂਦ ਪੇਸ਼ ਨਹੀਂ ਹੋਏ ਸੁਖਪਾਲ ਖਹਿਰਾ; ਪੁੱਤਰ ਮਹਿਤਾਬ ਖਹਿਰਾ ਨੇ ਵਕੀਲ ਵਜੋਂ ਰੱਖਿਆ ਪੱਖ
ਔਰਤਾਂ ਵਿਰੁੱਧ ਕਥਿਤ ਟਿੱਪਣੀ ਦਾ ਮਾਮਲਾ: ਕਮਿਸ਼ਨ ਨੇ ਨਿੱਜੀ ਤੌਰ 'ਤੇ ਪੇਸ਼ ਹੋਣ ਦੇ ਦਿੱਤੇ ਸਨ ਹੁਕਮ; ਹੁਣ ਅਗਲੀ ਕਾਰਵਾਈ 'ਤੇ ਟਿਕੀਆਂ ਨਜ਼ਰਾਂ
ਚੰਡੀਗੜ੍ਹ/ਮੋਹਾਲੀ 12 ਮਾਰਚ 2026- ਪੰਜਾਬ ਦੀਆਂ ਮਹਿਲਾਵਾਂ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਥਾਂ 'ਤੇ ਉਨ੍ਹਾਂ ਦੇ ਪੁੱਤਰ ਅਤੇ ਵਕੀਲ ਮਹਿਤਾਬ ਸਿੰਘ ਖਹਿਰਾ ਨੇ ਕਮਿਸ਼ਨ ਦੇ ਦਫ਼ਤਰ ਪਹੁੰਚ ਕੇ ਉਨ੍ਹਾਂ ਦਾ ਪੱਖ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਬਾਰੇ ਸੁਖਪਾਲ ਖਹਿਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਟਿੱਪਣੀ ਕੀਤੀ ਸੀ। ਮਹਿਲਾ ਕਮਿਸ਼ਨ ਨੇ ਇਸ ਟਿੱਪਣੀ ਨੂੰ ਔਰਤਾਂ ਦੀ ਮਾਨ-ਮਰਿਆਦਾ ਦੇ ਖ਼ਿਲਾਫ਼ ਮੰਨਦਿਆਂ ਇਸ ਦਾ ਸੂ-ਮੋਟੋ (Suo-Moto) ਨੋਟਿਸ ਲਿਆ ਸੀ ਅਤੇ ਖਹਿਰਾ ਨੂੰ 12 ਮਾਰਚ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਸੀ।
ਕਮਿਸ਼ਨ ਦੀ ਚੇਅਰਪਰਸਨ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਸਿਆਸੀ ਲਾਹੇ ਲਈ ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੁਖਪਾਲ ਖਹਿਰਾ ਦੇ ਪੇਸ਼ ਨਾ ਹੋਣ 'ਤੇ ਉਨ੍ਹਾਂ ਦੇ ਪੁੱਤਰ ਮਹਿਤਾਬ ਖਹਿਰਾ ਨੇ ਕਾਨੂੰਨੀ ਪੱਖ ਰੱਖਦਿਆਂ ਆਪਣਾ ਜਵਾਬ ਦਾਖ਼ਲ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਕਾਫ਼ੀ ਹੰਗਾਮਾ ਹੋਇਆ, ਜਿੱਥੇ ਖਹਿਰਾ ਵਿਰੁੱਧ ਨਿੰਦਾ ਮਤਾ ਪਾਸ ਕਰਕੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ।
Click to Follow Babushahi Facebook page →