ਪੰਥਕ,ਮੁਲਾਜ਼ਮ ਆਗੂ ਅਤੇ ਵਕੀਲ ਮਨਜੀਤ ਸਿੰਘ ਚਾਹਲ ਮਿਸਲ ਸਤਲੁਜ ਵਿੱਚ ਸ਼ਾਮਲ, ਜਥੇਬੰਦੀ ਨੂੰ ਮਜਬੂਤੀ : ਅਜੇਪਾਲ ਸਿੰਘ ਬਰਾੜ
ਮੋਹਾਲੀ 9 ਜੂਨ, 2026 ਪੰਜਾਬ ਦੇ ਸਮਾਜਿਕ,ਆਰਥਿਕ ਅਤੇ ਰਾਜਨੀਤਿਕ ਪੁਨਰ-ਨਿਰਮਾਣ ਲਈ ਕਾਰਜਸ਼ੀਲ ਜਥੇਬੰਦੀ ਮਿਸਲ ਸਤਲੁਜ ਨੂੰ ਉਸ ਸਮੇਂ ਮਹੱਤਵਪੂਰਨ ਮਜ਼ਬੂਤੀ ਮਿਲੀ ਜਦੋਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਉੱਘੇ ਆਗੂ,ਵਕੀਲ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਾਬਕਾ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਅਤੇ ਪੰਥਕ ਸਰੋਕਾਰਾਂ ਨਾਲ ਲੰਬੇ ਸਮੇਂ ਤੋਂ ਜੁੜੇ ਸਰਦਾਰ ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਵਿੱਚ ਸ਼ਮੂਲੀਅਤ ਕਰ ਲਈ।
ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਸਰਦਾਰ ਮਨਜੀਤ ਸਿੰਘ ਚਾਹਲ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਚਾਹਲ ਨੇ ਮੁਲਾਜ਼ਮ ਵਰਗ ਦੇ ਹੱਕਾਂ ਦੀ ਰੱਖਿਆ ਲਈ ਲੰਬੇ ਸਮੇਂ ਤੱਕ ਅਗਵਾਈ ਭਰਪੂਰ ਭੂਮਿਕਾ ਨਿਭਾਈ ਹੈ ਅਤੇ ਲੋਕ-ਹਿੱਤਾਂ ਨਾਲ ਜੁੜੇ ਅਨੇਕਾਂ ਮੁੱਦਿਆਂ ਉੱਤੇ ਆਪਣੀ ਪ੍ਰਭਾਵਸ਼ਾਲੀ ਆਵਾਜ਼ ਬੁਲੰਦ ਕੀਤੀ ਹੈ।
ਸਰਦਾਰ ਬਰਾੜ ਨੇ ਕਿਹਾ ਕਿ ਮਨਜੀਤ ਸਿੰਘ ਚਾਹਲ ਦਾ ਜੀਵਨ ਸੰਘਰਸ਼, ਸਮਰਪਣ ਅਤੇ ਸੇਵਾ-ਭਾਵਨਾ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਨੇ ਸਿੱਖ ਸੰਘਰਸ਼ ਦੇ ਦੌਰਾਨ ਧਰਮ ਯੁੱਧ ਮੋਰਚੇ ਵਿੱਚ 18 ਮਹੀਨੇ ਐਨ ਐਸ ਏ ਅਧੀਨ ਨਜ਼ਰਬੰਦ ਰਹੇ। ਇਹ ਸੰਘਰਸ਼ਮਈ ਯਾਤਰਾ ਉਨ੍ਹਾਂ ਨੂੰ ਲੋਕਾਂ ਵਿੱਚ ਇੱਕ ਸਤਿਕਾਰਯੋਗ ਅਤੇ ਭਰੋਸੇਯੋਗ ਆਗੂ ਵਜੋਂ ਸਥਾਪਿਤ ਕਰਦੀ ਹੈ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਚ ਬਤੌਰ ਸੂਚਨਾ ਤੇ ਲੋਕ ਸੰਪਰਕ ਅਫਸਰ ਉਨ੍ਹਾਂ ਹਮੇਸ਼ਾ ਨਿਗਮ ਦੇ ਪ੍ਰਤੀਬਿੰਬ ਨੂੰ ਉਚਾ ਕਰਨ ਲਈ ਉਸਾਰੂ ਭੂਮਿਕਾ ਨਿਭਾਈ। ਪਾਵਰਕੌਮ ਵਿਚੋਂ ਸੇਵਾ ਮੁਕਤੀ ਉਪਰੰਤ ਉਹ ਅਜਕਲ ਮੁਲਾਜ਼ਮ ਆਗੂ ਤੋਂ ਇਲਾਵਾ ਇਕ ਪੇਸ਼ੇਵਰ ਵਕੀਲ ਵਜੋਂ ਵੀ ਲੋੜਵੰਦ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਯੋਗਦਾਨ ਪਾ ਰਹੇ ਹਨ।
ਸਰਦਾਰ ਮਨਜੀਤ ਸਿੰਘ ਚਾਹਲ ਨੇ ਮਿਸਲ ਸਤਲੁਜ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ, ਲੋਕ-ਭਲਾਈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਚੱਲ ਰਹੀ ਇਸ ਮੁਹਿੰਮ ਨਾਲ ਪੂਰੀ ਨਿਸ਼ਠਾ ਨਾਲ ਜੁੜੇ ਰਹਿਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜਥੇਬੰਦੀ ਵੱਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਹੋਏ ਪੰਜਾਬ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਉਣਗੇ।
ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਪ੍ਰਧਾਨ ਮਹਿਲਾ ਵਿੰਗ ਮਿਸਲ ਸਤਲੁਜ,ਇੰਜ਼ ਗੁਰਮੀਤ ਸਿੰਘ ਚਾਹਲ ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕੌਮ,“ਪੂਰਾ ਪੰਜਾਬ ਲਹਿਰ” ਦੇ ਕਨਵੀਨਰ ਸਰਦਾਰ ਅਮਰਿੰਦਰ ਸਿੰਘ ਤੁੜ ਅਤੇ ਐਡਵੋਕੇਟ ਦਰਸ਼ਨ ਸਿੰਘ ਵਿਰਕ , ਅਤੇ ਅੰਗਰੇਜ਼ ਸਿੰਘ ਸ਼ੇਰ ਗਿੱਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
- Download Babushahi App
-
-