ਲੈਂਡ ਪੂਲਿੰਗ ਪਾਲਿਸੀ: ਕਿਸੇ ਵੀ ਕਿਸਾਨ ਭਰਾ ਦੀ ਜ਼ਮੀਨ ਜ਼ਬਰੀ ਨਹੀਂ ਲਈ ਜਾਵੇਗੀ : ਕੁਲਵੰਤ ਸਿੰਘ
ਹਰਜਿੰਦਰ ਸਿੰਘ ਭੱਟੀ
- ਕਿਹਾ, ਭਗਵੰਤ ਸਿੰਘ ਮਾਨ ਸਰਕਾਰ ਦੀ ਪਾਲਿਸੀ ਕਿਸਾਨ ਦੀ ਸਵੈ ਇੱਛਾ ਤੇ ਪੂਰਣ ਤੌਰ ਤੇ ਨਿਰਭਰ
- ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜੁਲਾਈ 2025 - ਐੱਸ ਏ ਐੱਸ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਨੁਸਾਰ ਕਿਸੇ ਦੀ ਵੀ ਜ਼ਮੀਨ ਜ਼ਬਰੀ ਜਾਂ ਫਿਰ ਧੱਕੇ ਨਾਲ ਨਹੀਂ ਲਈ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀਆਂ ਚਿੰਤਾਵਾਂ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਚਿੰਤਾ ਇੱਕ ਹੱਦ ਤੱਕ ਜਾਇਜ਼ ਹੋ ਸਕਦੀ ਹੈ ਕਿਉਂ ਜੋ ਵਿਰੋਧੀ ਧਿਰਾਂ ਨੇ ਇਸ ਪਾਲਿਸੀ ਦਾ ਅਧਿਐਨ ਕਰੇ ਬਗੈਰ ਹੀ ਇਸ ਖ਼ਿਲਾਫ਼ ਗੁੰਮਰਾਹਕੁੰਨ ਪ੍ਰਚਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਦੀ ਚੰਗੀ ਤਰ੍ਹਾਂ ਸਟਡੀ ਕਰਨ ਦੀ ਜ਼ਰੂਰਤ ਹੈ। ਉਹਨਾਂ ਸਪਸ਼ਟ ਕੀਤਾ ਕਿ ਜਿਹੜਾ ਵਿਅਕਤੀ ਆਪਣੀ ਜ਼ਮੀਨ ਦੇਣੀ ਚਾਹੇਗਾ, ਉਸਦੀ ਹੀ ਜ਼ਮੀਨ ਲਈ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿਉਂਕਿ 24 ਪਿੰਡ ਵਿਧਾਨ ਸਭਾ ਹਲਕਾ ਐੱਸ ਏ ਐੱਸ ਨਗਰ ਮੋਹਾਲੀ ਨਾਲ ਸਬੰਧਿਤ ਹਨ, ਇਸ ਕਰਕੇ ਉਨ੍ਹਾਂ ਨੂੰ ਆਪਣੇ ਲੋਕਾਂ ਦੇ ਹਿੱਤਾਂ ਦਾ ਸਭ ਤੋਂ ਵਧੇਰੇ ਫ਼ਿਕਰ ਹੈ। ਉਨ੍ਹਾਂ ਕਿਹਾ ਕਿ ਮਿਸਾਲ ਦੇ ਤੌਰ ਤੇ, ਜੇਕਰ ਕੋਈ ਕਿਸਾਨ ਭਰਾ ਆਪਣੇ 10 ਏਕੜ ਹੀ ਦੇਣਾ ਚਾਹੇਗਾ ਤਾਂ ਉਸਦੀ 10 ਏਕੜ ਹੀ ਥਾਂ ਵਿਕਸਿਤ ਕੀਤੀ ਜਾਵੇਗੀ, ਜੇਕਰ ਦੋ ਏਕੜ ਦੇਣਾ ਚਾਹੇਗਾ ਤਾਂ ਉਸ ਦੀ ਦੋ ਏਕੜ ਜਮੀਨ ਹੀ ਵਿਕਸਿਤ ਕੀਤੀ ਜਾਵੇਗੀ। ਕਿਸੇ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਜਾਵੇਗੀ, ਜਿਹਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਕਿਸਾਨਾਂ ਦੇ ਸ਼ੰਕਿਆਂ ਨੂੰ ਲੈ ਕੇ ਗੱਲਬਾਤ ਵੀ ਹੋਈ ਹੈ, ਜਿਸ ਤੇ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਨਵੀਂ ਨੀਤੀ ਦੇ ਵਿੱਚ ਸੋਧ ਹੋਣ ਜਾ ਰਹੀ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਹਿਤਾਂ ਨੂੰ ਹਮੇਸ਼ਾਂ ਪਹਿਲ ਦਿੰਦੇ ਹੋਏ ਸੁਰੱਖਿਅਤ ਰੱਖੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਪੁਰਾਣੀ ਪਾਲਿਸੀ ਚੱਲ ਰਹੀ ਸੀ, ਜਿਸ ਅਨੁਸਾਰ ਸਭਨਾਂ ਨੂੰ ਬੂਥ, ਸ਼ੋਅ ਰੂਮ ਮਿਲ ਰਹੇ ਸਨ, ਉਸ ਦੇ ਮੁਤਾਬਿਕ ਹੀ ਆਉਣ ਵਾਲੇ ਦਿਨਾਂ 'ਚ ਇਸ ਪਾਲਿਸੀ ਦੇ ਵਿੱਚ ਸੋਧ ਕੀਤੀ ਜਾ ਰਹੀ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ।