ਲੁਧਿਆਣਾ ਪੁਲਿਸ ਦੀ ਵੱਡੀ ਸਫਲਤਾ: ਕਤਲ ਕੇਸ 'ਚ ਭਗੌੜਾ ਨਸ਼ਾ ਤਸਕਰ ਹੈਰੋਇਨ ਸਮੇਤ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ (ਕੂੰਮ ਕਲਾਂ): 19 ਮਾਰਚ, 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ (IPS) ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ, ਥਾਣਾ ਕੂੰਮ ਕਲਾਂ ਦੀ ਪੁਲਿਸ ਨੇ ਇੱਕ ਨਾਮੀ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਹ ਕਾਰਵਾਈ ਜਸਕਰਨ ਸਿੰਘ ਤੇਜਾ (PPS) ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ) ਅਤੇ ਜਸ਼ਨਦੀਪ ਸਿੰਘ ਗਿੱਲ (PPS) ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-4 ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਦੋਸ਼ੀ ਰਣਜੀਤ ਸਿੰਘ ਉਰਫ ਜੀਤਾ (ਉਮਰ ਕਰੀਬ 22 ਸਾਲ), ਵਾਸੀ ਪਿੰਡ ਸਲੇਮਪੁਰ (ਹਾਲ ਵਾਸੀ ਪਿੰਡ ਸਿੱਧੂਪੁਰ ਹਾੜੀਆ) ਨੂੰ ਸ਼ੱਕ ਦੇ ਅਧਾਰ 'ਤੇ ਰੋਕਿਆ ਗਿਆ। ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ ਵਿੱਚੋਂ 06 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਖਿਲਾਫ ਥਾਣਾ ਕੂੰਮ ਕਲਾਂ ਵਿਖੇ ਮੁਕੱਦਮਾ ਨੰਬਰ 44, ਅ/ਧ 21-61-85 NDPS Act ਤਹਿਤ ਮਾਮਲਾ ਦਰਜ ਕਰ ਲਿਆ ਹੈ।
ਕਤਲ ਕੇਸ ਵਿੱਚ ਸੀ ਭਗੌੜਾ
ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਦੋਸ਼ੀ ਰਣਜੀਤ ਸਿੰਘ ਉਰਫ ਜੀਤਾ ਖਿਲਾਫ ਪਹਿਲਾਂ ਵੀ ਥਾਣਾ ਮਾਛੀਵਾੜਾ ਵਿਖੇ ਕਤਲ ਦੀ ਕੋਸ਼ਿਸ਼ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ (ਮੁਕੱਦਮਾ ਨੰਬਰ 20/2024) ਮਾਮਲਾ ਦਰਜ ਹੈ। ਇਸ ਕੇਸ ਵਿੱਚ ਉਹ ਕਾਫੀ ਸਮੇਂ ਤੋਂ ਪੁਲਿਸ ਨੂੰ ਚਕਮਾ ਦੇ ਰਿਹਾ ਸੀ ਅਤੇ ਭਗੌੜਾ (PO) ਚੱਲ ਰਿਹਾ ਸੀ।
ਦੋਸ਼ੀ ਨੇ ਮੁੱਢਲੀ ਪੁੱਛਗਿੱਛ ਵਿੱਚ ਕਬੂਲਿਆ ਹੈ ਕਿ ਉਹ ਜਲਦੀ ਪੈਸੇ ਕਮਾਉਣ ਦੇ ਲਾਲਚ ਵਿੱਚ ਸਸਤੇ ਭਾਅ 'ਤੇ ਹੈਰੋਇਨ (ਚਿੱਟਾ) ਖਰੀਦ ਕੇ ਲੁਧਿਆਣਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮਹਿੰਗੇ ਭਾਅ 'ਤੇ ਵੇਚਦਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਇਸ ਦੇ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Click to Follow Babushahi Facebook page →