ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸੰਸਦ ਵਿੱਚ ਉਠਾਇਆ ਮਨੁੱਖੀ ਤਸਕਰੀ ਦਾ ਮੁੱਦਾ
* ਠੱਗ ਟ੍ਰੈਵਲ ਏਜੰਟਾਂ ਕਾਰਣ ਵਿਦੇਸ਼ਾਂ ਵਿੱਚ ਕੈਦ ਭਾਰਤੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਕੀਤੀ ਅਪੀਲ
* ਰੂਸ-ਯੂਕਰੇਨ ਜੰਗ ਵਿੱਚ ਧੋਖੇ ਨਾਲ ਭਰਤੀ ਭਾਰਤੀਆਂ ਨੂੰ ਤੁਰੰਤ ਲੱਭਣ ਦੀ ਕੀਤੀ ਮੰਗ
* ਮਨੱੁਖੀ ਤਸਕਰੀ ਦਾ ਸ਼ਿਕਾਰ ਖਾੜੀ ਦੇਸ਼ਾਂ ਵਿੱਚੋਂ 125 ਔਰਤਾਂ ਦੀ ਵਾਪਸੀ ਲਈ ਵਿਦੇਸ਼ ਮੰਤਰਾਲੇ ਦਾ ਕੀਤਾ ਧੰਨਵਾਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 12 ਮਾਰਚ 2025 - ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸੰਸਦ ਵਿੱਚ ਸਿਫਰ ਕਾਲ ਦੌਰਾਨ ਮਨੁੱਖੀ ਤਸਕਰੀ ਦਾ ਗੰਭੀਰ ਮੁੱਦਾ ਉਠਾਇਆ। ਉਹਨਾਂ ਠੱਗ ਟਰੈਵਲ ਏਜੰਟਾਂ ਹੱਥੋਂ ਪੰਜਾਬੀਆਂ ਅਤੇ ਹੋਰ ਸੂਬਿਆਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਦੇ ਵਧ ਰਹੇ ਮਾਮਲਿਆਂ ਨੂੰ ਸਦਨ ਵਿੱਚ ਰੱਖਿਆ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਠੱਗ ਏਜੰਟਾਂ ਕਾਰਨ ਪੰਜਾਬ ਅਤੇ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਡੀ ਰਕਮ ਤੇ ਵੱਡੀ ਗਿਣਤੀ ਵਿੱਚ ਨੌਜਵਾਨੀ ਵਿਦੇਸ਼ਾਂ ਇਸਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਨੇ ਦੇਸ਼ ਦੀ ਨੌਜਵਾਨੀ ਨਾਲ ਹੋ ਰਹੇ ਇਸ ਸ਼ੋਸ਼ਣ ਨੂੰ ਰੋਕਣ ਲਈ ਅਜਿਹੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੀ ਜ਼ੋਰਦਾਰ ਮੰਗ ਕੀਤੀ।
ਸਦਨ ਵਿੱਚ ਆਪਣੇ ਸੰਬੋਧਨ ਦੌਰਾਨ, ਸੰਤ ਸੀਚੇਵਾਲ ਨੇ ਹੈਰਾਨ ਕਰਨ ਵਾਲੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਰੁਜ਼ਗਾਰ ਦੀ ਭਾਲ ਵਿੱਚ ਪੰਜਾਬੀ ਨੌਜਵਾਨ ਅਕਸਰ ਪਨਾਮਾ ਦੇ ਜੰਗਲਾਂ ਵਿੱਚੋਂ ਖ਼ਤਰਨਾਕ ਰਸਤੇ ਅਪਣਾਉਣ ਲਈ ਮਜਬੂਰ ਹੁੰਦੇ ਹਨ। ਜਿੱਥੇ ਕਈ ਇਨ੍ਹਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਰਸਤੇ ਵਿੱਚ ਆਪਣੀਆਂ ਜਾਨਾਂ ਗੁਆ ਦਿੰਦੇ ਹਨ, ਜਿਸ ਬਾਰੇ ਉਨ੍ਹਾਂ ਦੇ ਪਰਿਵਾਰ ਬਿਲਕੁਲ ਅਣਜਾਣ ਰਹਿੰਦੇ ਹਨ ਤਾਂ ਆਪਣਿਆਂ ਦੀ ਭਾਲ ਵਿੱਚ ਦਰ-ਬਦਰ ਭਟਕਦੇ ਰਹਿੰਦੇ ਹਨ ਤੇ ਰਹਿੰਦੀ ਉਮਰ ਤੱਕ ਉਹਨਾਂ ਦਾ ਇੰਤਜ਼ਾਰ ਹੀ ਕਰਦੇ ਰਹਿ ਜਾਂਦੇ ਹਨ। ਉਨ੍ਹਾਂ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਤੇ ਜ਼ੋਰ ਦੇ ਕੇ ਕਿਹਾ ਕਿ, ਹਰ ਸਾਲ, ਇਕੱਲੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਲਈ ਅਤੇ ਰੁਜ਼ਗਾਰ ਦੇ ਮੌਕਿਆਂ 'ਤੇ ਲਗਭਗ ₹27,000 ਕਰੋੜ ਖਰਚ ਕਰਦੇ ਹਨ ।
ਸੰਤ ਸੀਚੇਵਾਲ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਅਰਮੀਨੀਆ ਤੇ ਰੂਸ ਵਿੱਚ ਬਹੁਤੇ ਭਾਰਤੀ ਨੌਜਾਵਾਨਾਂ ਨੂੰ ਧੋਖੇ ਨਾਲ ਇਹਨਾਂ ਠੱਗ ਟਰੈਵਲ ਏਜੰਟਾਂ ਨੇ ਫਸਾ ਦਿੱਤਾ ਹੈ। ਜਿਹਨਾਂ ਵਿੱਚੋਂ ਬਹੁਤਿਆਂ ਨੌਜਵਾਨਾਂ ਦਾ ਕੋਈ ਪਤਾ ਨਹੀ ਚੱਲ ਪਾਇਆ। ਉਨ੍ਹਾਂ ਦੱਸਿਆ ਕਿ ਅਰਮੀਨੀਆ ਦੀ ਜੇਲ੍ਹ ਵਿੱਚ ਫਸੇ ਬਹੁਤ ਨੌਜਵਾਨਾਂ ਨੂੰ, ਰੋਜ਼ੀ-ਰੋਟੀ ਦੇ ਮੌਕਿਆਂ ਦੀ ਭਾਲ ਵਿੱਚ, ਟ੍ਰੈਵਲ ਏਜੰਟਾਂ ਦੁਆਰਾ ਵਿਦੇਸ਼ਾਂ ਵਿੱਚ ਲੁਭਾਇਆ ਜਾਂਦਾ ਹੈ। ਜਿੱਥੇ ਟਰੈਵਲ ਏਜੰਟਾਂ ਦੇ ਪਿੱਛੇ ਲੱਗ ਬਹੁਤੇ ਨੌਜ਼ਵਾਨ ਕਾਨੂੰਨੀ ਮੁਸੀਬਤਾਂ ਵਿੱਚ ਫਸ ਜਾਂਦੇ ਹਨ, ਜਿਸ ਵਿੱਚ ਗੈਰ-ਕਾਨੂੰਨੀ ਤੌਰ 'ਤੇ ਅੰਤਰਰਾਸ਼ਟਰੀ ਸਰਹੱਦਾਂ ਪਾਰ ਕਰਨ ਦਾ ਦੋਸ਼ ਵੀ ਸ਼ਾਮਲ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤ ਸਰਕਾਰ ਤੋਂ ਬੇਨਤੀ ਕੀਤੀ ਕਿ ਟ੍ਰੈਵਲ ਏਜੰਟਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਹੋਰ ਟ੍ਰੈਵਲ ਏਜੰਟਾਂ ਨੂੰ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਦੀ ਹਿੰਮਤ ਨਾ ਹੋਵੇ। ਸੰਤ ਸੀਚੇਵਾਲ ਵੱਲੋਂ ਮਨੁੱਖੀ ਤਸਕਰੀ ਦੀਆਂ ਸ਼ਿਕਾਰ 125 ਦੇ ਕਰੀਬ ਭਾਰਤੀ ਔਰਤਾਂ ਦੀ ਸੁਰੱਖਿਅਤ ਵਾਪਸੀ ਕਰਵਾਉਣ ਲਈ ਵਿਦੇਸ਼ ਮੰਤਰਾਲੇ ਦਾ ਉੱਚੇਚਾ ਧੰਨਵਾਦ ਵੀ ਕੀਤਾ। ਜਿਹਨਾਂ ਸਦਕਾ ਵਾਪਸੀ ਦੀਆਂ ਉਮੀਦਾਂ ਛੱਡ ਚੁੱਕੀਆਂ ਇਹ ਔਰਤਾਂ ਅੱਜ ਸਹੀ ਸਲਾਮਤ ਆਪਣੇ ਪਰਿਵਾਰ ਵਿੱਚ ਹਨ।
ਬਾਕਸ ਆਈਟਮ :
ਸੰਤ ਸੀਚੇਵਾਲ ਨੇ ਅਰਮੀਨੀਆ ਵਿੱਚ ਹਾਲ ਹੀ ਵਿੱਚ ਵਾਪਰੇ ਮਾਮਲੇ ਦਾ ਹਵਾਲਾ ਦਿੱਤਾ ਜਿੱਥੇ ਪੰਜਾਬੀ ਨੌਜਵਾਨ ਨੂੰ ਸਰਹੱਦ ਪਾਰ ਕਰਨ ਦੇ ਅਪਰਾਧਾਂ ਲਈ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਉਨ੍ਹਾਂ ਦੇ ਪਰਿਵਾਰ ਵਿੱਤੀ ਤੰਗੀਆਂ ਕਾਰਨ ਆਪਣੇ ਕੇਸਾਂ ਦੀ ਪੈਰਵੀ ਕਰਨ ਵਿੱਚ ਵੀ ਅਸਮਰੱਥ ਹਨ। ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਠੱਗ ਏਜੰਟਾਂ ਕਾਰਣ ਵਿਦੇਸ਼ਾਂ ਵਿੱਚ ਕੈਦ ਭਾਰਤੀਆਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਅਤ ਭਾਰਤ ਵਾਪਸੀ ਦੀ ਸਹੂਲਤ ਦਿੱਤੀ ਜਾਵੇ।
ਬਾਕਸ ਆਈਟਮ :
ਸੰਤ ਸੀਚੇਵਾਲ ਨੇ ਰੂਸ-ਯੂਕਰੇਨ ਜੰਗ ਵਿੱਚ ਧੋਖੇ ਨਾਲ ਭਾਰਤੀ ਕੀਤੇ ਗਏ ਨੌਜਵਾਨਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਉੱਥੇ ਉਹਨਾਂ ਦੀ ਜਾਨ ਹਰ ਵੇਲੇ ਖਤਰੇ ਵਿੱਚ ਹੈ ਤੇ ਜਿਹਨਾਂ ਦੇ ਪਰਿਵਾਰਿਕ ਮੈਂਬਰ ਵੀ ਇੱਥੇ ਉਹਨਾਂ ਦੀ ਜਾਣਕਾਰੀ ਲਈ ਤਰਸ ਰਹੇ ਹਨ। ਉਹਨਾਂ ਇਸ ਤਰ੍ਹਾਂ ਦੇ ਵਤੀਰੇ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿੱਚ ਅਜਿਹੇ ਵਤੀਰੇ ਨੂੰ ਰੋਕਿਆ ਜਾ ਸਕੇ।