ਮਾਨਸਾ ਦੇ ਸਰਸ ਮੇਲੇ ਦੀ ਫ਼ਿਜ਼ਾ 'ਚ ਘੁਲੀ ਆਰ ਨੇਤ ਦੇ ਗੀਤਾਂ ਦੀ ਮਹਿਕ
ਅਸ਼ੋਕ ਵਰਮਾ
ਮਾਨਸਾ, 22 ਮਾਰਚ 2026: ਸਰਸ ਮੇਲੇ ਦੀ ਸੱਭਿਆਚਾਰਕ ਸਟੇਜ ਉਸ ਸਮੇਂ ਪੂਰੀ ਤਰ੍ਹਾਂ ਰੌਚਕ ਹੋ ਗਈ ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਆਰ ਨੇਤ ਨੇ ਆਪਣੀ ਦਮਦਾਰ ਗਾਇਕੀ ਰਾਹੀਂ ਸਰੋਤਿਆਂ ਨੂੰ ਆਪਣੇ ਨਾਲ ਨੱਚਣ ਲਗਾ ਲਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੇ ਆਰ ਨੇਤ ਦੇ ਹਿੱਟ ਗੀਤਾਂ ਦਾ ਭਰਪੂਰ ਆਨੰਦ ਮਾਣਿਆ। ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗੇ ਇਸ ਮੇਲੇ ਨੂੰ ਲੋਕਾਂ ਦਾ ਬੇਮਿਸਾਲ ਹੁੰਗਾਰਾ ਮਿਲ ਰਿਹਾ ਹੈ।
ਗੀਤ ਸੰਗੀਤ ਅਧਾਰਤ ਸ਼ਾਮ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਡਿਪਟੀ ਕਮਿਸ਼ਨਰ ਨਵਜੋਤ ਕੌਰ, ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਏ.ਡੀ.ਸੀ ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਗਾਇਕ ਆਰ ਨੇਤ ਨੂੰ ਉਨ੍ਹਾਂ ਦੀ ਬਿਹਤਰੀਨ ਗਾਇਕੀ ਅਤੇ ਸੱਭਿਆਚਾਰਕ ਸੇਵਾਵਾਂ ਲਈ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।
ਆਰ ਨੇਤ ਨੇ ਇੱਕ ਤੋਂ ਬਾਅਦ ਇੱਕ, ਆਪਣੇ ਅਨੇਕਾਂ ਮਕਬੂਲ ਗੀਤ ਜਿਵੇਂ ਡਿਫਾਲਟਰ, ਦੱਬਦਾ ਕਿੱਥੇ ਹੈ, ਗਿੱਧਾ, ਰੀਲਾਂ ਵਾਲਾ ਡੈਕ, ਮਜ਼ਾਕ ਥੋੜ੍ਹੀ ਆ, ਗ਼ੈਰਾਂ ਦੀ ਕੌਫੀ , ਡਿਸਟੈਂਸ , ਐਨਕਾਂ ਆਦਿ ਗਾ ਕੇ ਲੋਕ ਮਨਾਂ ਉੱਤੇ ਪ੍ਰਭਾਵ ਪਾਇਆ ਜਿਸ ਨਾਲ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਜ਼ਿਕਰਯੋਗ ਹੈ ਕਿ ਆਰ ਨੇਤ, ਪੰਜਾਬੀ ਸੰਗੀਤ ਜਗਤ ਦੇ ਉਹਨਾਂ ਗਾਇਕਾਂ ਅਤੇ ਗੀਤਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੇ ਗੀਤਾਂ ਵਿੱਚ ਅਕਸਰ ਜੀਵਨ ਦੇ ਸੰਘਰਸ਼ ਅਤੇ ਸੱਚਾਈਆਂ ਦਾ ਜ਼ਿਕਰ ਹੁੰਦਾ ਹੈ।
ਇਸ ਦੌਰਾਨ ਮੀਰਾ ਨੇ ਵੀ ਆਰ ਨੇਤ ਨਾਲ ਸਟੇਜ ਸਾਂਝੀ ਕੀਤੀ ਅਤੇ ਲੋਕਾਂ ਦਾ ਪਿਆਰ ਬਟੋਰਿਆ। ਆਰ ਨੇਤ ਨੇ ਮੇਲੇ ਦੇ ਸਫਲ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੀ ਅਮੀਰ ਵਿਰਾਸਤ ਨੂੰ ਜਿਊਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
Click to Follow Babushahi Facebook page →