ਪੱਛਮੀ ਬੰਗਾਲ 'ਚ TMC ਦੀ ਵੱਡੀ ਹਾਰ; ਮਮਤਾ ਬੈਨਰਜੀ ਹਾਰੀ ਤਾਂ, ਚੋਣ ਕਮਿਸ਼ਨ ਨੂੰ ਦੱਸਿਆ 'BJP ਕਮਿਸ਼ਨ'
Babushahi Network
ਕੋਲਕਾਤਾ, 4 ਮਈ 2026: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਾਲ ਦੀਆਂ 293 ਸੀਟਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ 186 ਸੀਟਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ, ਜਦਕਿ ਟੀ.ਐਮ.ਸੀ. ਦੇ ਖਾਤੇ ਵਿੱਚ ਸਿਰਫ਼ 64 ਸੀਟਾਂ ਹੀ ਆਈਆਂ ਹਨ।
ਸਭ ਤੋਂ ਵੱਡਾ ਉਲਟਫੇਰ ਭਵਾਨੀਪੁਰ ਸੀਟ 'ਤੇ ਦੇਖਣ ਨੂੰ ਮਿਲਿਆ, ਜਿੱਥੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਹਰਾ ਦਿੱਤਾ ਹੈ। ਆਪਣੀ ਹਾਰ ਅਤੇ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਮਮਤਾ ਬੈਨਰਜੀ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਪਿੱਛੇ ਭਾਜਪਾ ਵੱਲੋਂ ਕੀਤੀ ਗਈ "ਲੁੱਟ" ਹੈ ਅਤੇ ਟੀ.ਐਮ.ਸੀ. ਜਲਦੀ ਹੀ ਵਾਪਸੀ ਕਰੇਗੀ।
'ਚੋਣ ਕਮਿਸ਼ਨ ਨਹੀਂ, ਇਹ ਤਾਂ BJP ਕਮਿਸ਼ਨ ਹੈ'- ਮਮਤਾ ਬੈਨਰਜੀ
ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਚੁੱਕਦਿਆਂ ਉਸ ਨੂੰ 'ਬੀਜੇਪੀ ਕਮਿਸ਼ਨ' ਕਰਾਰ ਦਿੱਤਾ। ਮਮਤਾ ਨੇ ਦਾਅਵਾ ਕੀਤਾ ਕਿ ਭਾਜਪਾ ਨੇ 100 ਤੋਂ ਵੱਧ ਸੀਟਾਂ ਦੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਚੋਣ ਅਧਿਕਾਰੀ ਅਤੇ ਮਨੋਜ ਅਗਰਵਾਲ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
ਸੀ.ਐਮ. ਮਮਤਾ ਨੇ ਇਸ ਨੂੰ ਭਾਜਪਾ ਦੀ 'ਅਨੈਤਿਕ ਜਿੱਤ' ਦੱਸਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਕੇਂਦਰੀ ਬਲਾਂ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਮਿਲ ਕੇ ਜੋ ਕੁਝ ਕੀਤਾ, ਉਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਬੰਗਾਲ ਦੇ ਇਨ੍ਹਾਂ ਨਤੀਜਿਆਂ ਨੇ ਦੇਸ਼ ਭਰ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
Click to Follow Babushahi Facebook page →