ਪੁਰਾਣੀ ਪੈਨਸ਼ਨ ਮਾਮਲਾ: ਪੰਜਾਬ ਸਰਕਾਰ ਨੂੰ ਜਗਾਉਣ ਲਈ “ਮੱਝਾਂ ਅੱਗੇ ਬੀਨ” ਵਜਾਉਣਗੇ ਮੁਲਾਜ਼ਮ
ਅਸ਼ੋਕ ਵਰਮਾ
ਮਾਨਸਾ, 24 ਮਈ 2026 :ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ (ਓਪੀਐਸ) ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਤਿੰਨ ਮੁੱਖ ਜਥੇਬੰਦੀਆਂ ਸੀਪੀਐਫ ਕਰਮਚਾਰੀ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲ ਕਮੇਟੀ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਬਣਾਏ “ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ” ਨੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਆਉਣ ਵਾਲੀ 28 ਮਈ ਨੂੰ ਸੂਬੇ ਵਿੱਚ ਮੱਝਾਂ ਅੱਗੇ ਬੀਨ ਵਜਾਉਣ ਦਾ ਐਲਾਨ ਕੀਤਾ ਹੈ। ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਮਾਨਸਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਖਿਆਲਾ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕਰੀਬ ਦੋ ਲੱਖ ਮੁਲਾਜ਼ਮਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਸਾਰੇ ਵਾਅਦੇ ਪੂਰੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਹੋਣਾ, ਪੁਰਾਣੇ ਸਕੇਲ ਅਤੇ ਭੱਤਿਆਂ ਦੀ ਬਹਾਲੀ ਸਬੰਧੀ ਸਰਕਾਰ ਦੇ ਦਾਵਿਆਂ ਦੀ ਹਕੀਕਤ ਬਿਆਨ ਕਰਦਾ ਹੈ। ਮੁਲਾਜ਼ਮ ਵਰਗ ਵਿੱਚ ਇਹਨਾ ਮਾਮਲਿਆ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ 28 ਮਈ 2026 ਨੂੰ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸਰਕਾਰੀ ਮੁਲਾਜ਼ਮ ਵਿਲੱਖਣ ਢੰਗ ਨਾਲ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਸੁੱਤੀ ਨੀਂਦ ਤੋਂ ਜਗਾਉਣ ਲਈ“ਮੱਝਾਂ ਅੱਗੇ ਬੀਨ” ਵਜਾਈ ਜਾਏਗੀ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਪੁਰਾਣੀ ਪੈਨਸ਼ਨ ਸਕੀਮ ਬਹਾਲ, ਪੁਰਾਣੇ ਸਕੇਲ ਅਤੇ ਭੱਤਿਆਂ ਨੂੰ ਬਹਾਲ ਨਾ ਕੀਤਾਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਭਜੋਤ ਸਿੰਘ ਬੁਢਲਾਡਾ, ਪ੍ਰਦੀਪ ਭਾਰਦਵਾਜ, ਗੁਣਸੀਲ ਸਿੰਗਲਾ, ਭੁਪਿੰਦਰ ਸਿੰਘ ਤੱਗੜ, ਹਰਵਿੰਦਰ ਸਿੰਘ, ਸੁਰਿੰਦਰ ਸਿੰਘ,ਸੰਦੀਪ ਸਿੰਘ ਵਾਲੀਆ,ਹਰਦੀਪ ਸਿੰਘ, ਹਰਪ੍ਰੀਤ ਸਿੰਘ ਬੱਪੀਆਣਾ,ਹਰਦੀਪ ਸਿੰਘ ਖੋਖਰ, ਜਸਕਰਨ ਸਿੰਘ ਬਰੇ,ਸੋਨੀ ਬਰੇਟਾ, ਬਲਜੀਤ ਸਿੰਘ ਫਰਵਾਹੀ, ਰੋਮੀ,ਗੁਰਲਾਲ, ਜਸਵਿੰਦਰ ਕੁਮਾਰ, ਬਲਕਰਨ ਰੱਲਾ ,ਮਨੋਜ ਕੁਮਾਰ, ਯਾਦਵਿੰਦਰ ਸਿੰਘ,ਰਵੀ ਭੂਸ਼ਨ, ਮਾਨਤ ਸਿੰਘ ਹਾਜ਼ਰ ਸਨ।
- Download Babushahi App
-
-