ਪਾਸ ਕਰੋ ਟੈਸਟ ਅਤੇ ਕਾਨੂੰਨਾਂ ਦੀ ਜਾਣਕਾਰੀ - ਫੇਰ ਹੀ ਮਿਲੇਗੀ ਨਿਊਜ਼ੀਲੈਂਡ ਦੀ ਪੱਕੀ ਨਾਗਰਿਕਤਾ ਵਾਲੀ ਸਰਦਾਰੀ!
ਨਿਊਜ਼ੀਲੈਂਡ ਦੀ ਨਾਗਰਿਕਤਾ ਲੈਣ ਲਈ ਹੁਣ ਦੇਣੀ ਪਵੇਗੀ ਲਿਖਤੀ ਪ੍ਰੀਖਿਆ; ਸਾਲ 2027 ਤੋਂ ਲਾਗੂ ਹੋਣਗੇ ਨਵੇਂ ਨਿਯਮ
-ਦੇਸ਼ ਪ੍ਰਤੀ ਵਚਨਬੱਧਤਾ ਦੀ ਸਹੁੰ ਨੂੰ ਅਮਲੀ ਰੂਪ ਵਿਚ ਪਰਖਿਆ ਜਾਵੇਗਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 06 ਮਈ, 2026:-ਨਿਊਜ਼ੀਲੈਂਡ ਸਰਕਾਰ ਨੇ ਦੇਸ਼ ਦੀ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਵਿੱਚ ਇੱਕ ਇਤਿਹਾਸਕ ਤਬਦੀਲੀ ਕਰਦਿਆਂ ਨਵਾਂ ‘ਸਿਟੀਜ਼ਨਸ਼ਿਪ ਟੈਸਟ’ ਪੇਸ਼ ਕੀਤਾ ਹੈ। ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਬਰੂਕ ਵੈਨ ਵੈਲਡਨ ਨੇ ਅੱਜ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਇਹ ਟੈਸਟ ਸਾਲ 2027 ਦੇ ਅਖੀਰ ਤੋਂ ਲਾਗੂ ਕੀਤਾ ਜਾਵੇਗਾ। ਇਸ ਨਵੇਂ ਨਿਯਮ ਤਹਿਤ ਨਾਗਰਿਕਤਾ ਲੈਣ ਦੇ ਚਾਹਵਾਨਾਂ ਨੂੰ ਨਿਊਜ਼ੀਲੈਂਡ ਦੇ ਅਧਿਕਾਰਾਂ, ਕਾਨੂੰਨਾਂ ਅਤੇ ਜ਼ਿੰਮੇਵਾਰੀਆਂ ਬਾਰੇ ਆਪਣੀ ਜਾਣਕਾਰੀ ਸਾਬਤ ਕਰਨੀ ਪਵੇਗੀ।
ਕਿਉਂ ਪਈ ਟੈਸਟ ਦੀ ਲੋੜ?
ਮੰਤਰੀ ਬਰੂਕ ਵੈਨ ਵੈਲਡਨ ਅਨੁਸਾਰ, ਨਾਗਰਿਕਤਾ ਸਿਰਫ਼ ਇੱਕ ਦਸਤਾਵੇਜ਼ ਨਹੀਂ ਬਲਕਿ ਦੇਸ਼ ਪ੍ਰਤੀ ਇੱਕ ਵਚਨਬੱਧਤਾ ਹੈ। ਹੁਣ ਤੱਕ ਬਿਨੈਕਾਰ ਸਿਰਫ਼ ਇੱਕ ਘੋਸ਼ਣਾ ਪੱਤਰ (ਡੈਕਲਾਰੇਸ਼ਨ) ’ਤੇ ਦਸਤਖਤ ਕਰਕੇ ਇਹ ਸਵੀਕਾਰ ਕਰਦੇ ਸਨ ਕਿ ਉਹ ਦੇਸ਼ ਦੇ ਨਿਯਮਾਂ ਨੂੰ ਸਮਝਦੇ ਹਨ, ਪਰ ਹੁਣ ਇਸ ਨੂੰ ਅਮਲੀ ਰੂਪ ਵਿੱਚ ਪਰਖਿਆ ਜਾਵੇਗਾ। ਇਸ ਨਾਲ ਨਿਊਜ਼ੀਲੈਂਡ ਦੀ ਨਾਗਰਿਕਤਾ ਦੀ ਅਹਿਮੀਅਤ ਅਤੇ ਮੁੱਲ ਹੋਰ ਵਧੇਗਾ।
ਕੀ ਹੋਵੇਗਾ ਟੈਸਟ ਵਿੱਚ?
ਇਹ ਪ੍ਰੀਖਿਆ ਆਹਮੋ-ਸਾਹਮਣੇ (in-person) ਹੋਵੇਗੀ ਅਤੇ ਇਸ ਵਿੱਚ ਬਹੁ-ਵਿਕਲਪੀ (multi-choice) ਸਵਾਲ ਪੁੱਛੇ ਜਾਣਗੇ। ਬਿਨੈਕਾਰਾਂ ਨੂੰ ਪਾਸ ਹੋਣ ਲਈ ਘੱਟੋ-ਘੱਟ 75% ਅੰਕ ਲੈਣੇ ਲਾਜ਼ਮੀ ਹੋਣਗੇ। ਟੈਸਟ ਦੇ ਮੁੱਖ ਵਿਸ਼ਿਆਂ ਵਿੱਚ ਸ਼ਾਮਲ ਹਨ:
-ਨਿਊਜ਼ੀਲੈਂਡ ਦਾ ਬਿੱਲ ਆਫ ਰਾਈਟਸ (ਮਨੁੱਖੀ ਅਧਿਕਾਰ)।
-ਲੋਕਤੰਤਰੀ ਸਿਧਾਂਤ ਅਤੇ ਸਰਕਾਰ ਦੀ ਬਣਤਰ।
-ਦੇਸ਼ ਦੇ ਕਾਨੂੰਨ ਅਤੇ ਵੋਟ ਪਾਉਣ ਦੇ ਅਧਿਕਾਰ।
-ਸਮਾਨਤਾ ਦੇ ਅਧਿਕਾਰ (ਲਿੰਗ, ਧਰਮ ਅਤੇ ਨਸਲ ਦੇ ਆਧਾਰ ’ਤੇ ਬਰਾਬਰੀ)।
ਡੇਵਿਡ ਸੀਮੋਰ ਨੇ ਫੈਸਲੇ ਦਾ ਕੀਤਾ ਸਵਾਗਤ
ਐਕਟ ਪਾਰਟੀ ਦੇ ਆਗੂ ਡੇਵਿਡ ਸੀਮੋਰ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪਿਛਲੇ ਇੱਕ ਦਹਾਕੇ ਤੋਂ ਇਸ ਦੀ ਵਕਾਲਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਵੇਂ ਨਾਗਰਿਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇਸ਼ ਵਿੱਚ ਹਰ ਕਿਸੇ ਨੂੰ ਬਰਾਬਰ ਦੇ ਕਾਨੂੰਨੀ ਅਧਿਕਾਰ ਪ੍ਰਾਪਤ ਹਨ। ਉਨ੍ਹਾਂ ਮੁਤਾਬਕ, ਇਹ ਟੈਸਟ ਨਵੇਂ ਆਉਣ ਵਾਲੇ ਲੋਕਾਂ ਦਾ ਇੱਕ ਆਤਮ-ਵਿਸ਼ਵਾਸ ਭਰਪੂਰ ਦੇਸ਼ ਵਜੋਂ ਸਵਾਗਤ ਕਰੇਗਾ।
ਕਦੋਂ ਤੋਂ ਹੋਵੇਗਾ ਲਾਗੂ?
ਡਿਪਾਰਟਮੈਂਟ ਆਫ ਇੰਟਰਨਲ ਅਫੇਅਰਜ਼ (491) ਇਸ ਟੈਸਟ ਦੀ ਤਿਆਰੀ ਅਤੇ ਅਰਜ਼ੀ ਪ੍ਰਕਿਰਿਆ ’ਤੇ ਕੰਮ ਕਰ ਰਿਹਾ ਹੈ। ਬਿਨੈਕਾਰਾਂ ਦੀ ਸਹੂਲਤ ਲਈ ਸਰਕਾਰ ਵੱਲੋਂ ਪੜ੍ਹਨ ਲਈ ਸਮੱਗਰੀ ਅਤੇ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਉਹ ਟੈਸਟ ਦੀ ਚੰਗੀ ਤਿਆਰੀ ਕਰ ਸਕਣ। ਇਹ ਨਵਾਂ ਨਿਯਮ 2027 ਦੇ ਦੂਜੇ ਅੱਧ ਤੋਂ ਸਾਰੀਆਂ ਅਰਜ਼ੀਆਂ ਲਈ ਲਾਜ਼ਮੀ ਹੋ ਜਾਵੇਗਾ।
- Download Babushahi App
-
-