ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਸਮੇਤ ਇੱਕ ਕਾਬੂ, 25 ਪੇਟੀਆਂ ਬਰਾਮਦ
ਜਗਰਾਉਂ (ਦੀਪਕ ਜੈਨ ): ਥਾਣਾ ਹਠੂਰ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪਿੰਡ ਚਕਰ ਤੋਂ ਇੱਕ ਵਿਅਕਤੀ ਨੂੰ 25 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਠੂਰ ਦੇ ਏਐਸਆਈ ਗੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਿਲਸਿਲੇ ਵਿੱਚ ਹਠੂਰ ਦੇ ਮੁੱਖ ਚੌਕ ਵਿਖੇ ਮੌਜੂਦ ਸਨ। ਇਸੇ ਦੌਰਾਨ ਸਵੇਰੇ ਤਕਰੀਬਨ 5:15 ਵਜੇ ਇੱਕ ਖਾਸ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿੱਤੀ ਕਿ ਪਿੰਡ ਚਕਰ ਵਿੱਚ ਇੱਕ ਵਰਨਾ ਕਾਰ (ਨੰਬਰ PB13Y 0857) ਵਿੱਚ ਸਵਾਰ ਇੱਕ ਅਣਪਛਾਤਾ ਵਿਅਕਤੀ ਘੁੰਮ-ਫਿਰ ਕੇ ਨਾਜਾਇਜ਼ ਸ਼ਰਾਬ ਵੇਚ ਰਿਹਾ ਹੈ।ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਪਿੰਡ ਚਕਰ ਵਿਖੇ ਦੱਸੀ ਗਈ ਥਾਂ 'ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਪੁਲਿਸ ਨੇ ਉਕਤ ਕਾਰ ਨੂੰ ਕਾਬੂ ਕਰ ਲਿਆ ਅਤੇ ਉਸ ਵਿੱਚੋਂ 25 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ।