ਨਵੀਂ ਬਣ ਰਹੀ ਕਲੋਨੀ ਨੂੰ ਜਾਰੀ ਕੀਤੀ ਫਰਜੀ ਐਨਓਸੀ: ਪਟਵਾਰੀ ਸਮੇਤ ਦੋ ਖਿਲਾਫ ਪਰਚਾ ਦਰਜ
- ਜਾਰੀ ਕਰਨ ਵਾਲੇ ਬੀਡੀਪੀਓ ਦਫਤਰ ਦੇ ਪਟਵਾਰੀ ਸਮੇਤ ਦੋ ਖਿਲਾਫ ਮਾਮਲਾ ਦਰਜ
ਦੀਪਕ ਜੈਨ
ਜਗਰਾਓ, 20 ਜੁਲਾਈ 2025 - ਥਾਣਾ ਸਿਟੀ ਜਗਰਾਓ ਵਿਖੇ ਬੀਡੀਪੀਓ ਦੇ ਪਟਵਾਰੀ ਸਮੇਤ ਦੋ ਖਿਲਾਫ ਜਾਅਲੀ ਐਨਓਸੀ ਜਾਰੀ ਕਰਨ ਅਤੇ ਬਾਅਦ ਵਿੱਚ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਟੀ ਜਗਰਾਉਂ ਦੇ ਮੁਖੀ ਨੇ ਦੱਸਿਆ ਕਿ ਇੰਦਰਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਲੁਧਿਆਣਾ ਨੇ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਨੂੰ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਹਨਾਂ ਵੱਲੋਂ ਵੱਡੇ ਪੱਧਰ ਤੇ ਜਗਰਾਉਂ ਜੀਟੀ ਰੋਡ ਲੁਧਿਆਣਾ ਸਾਈਡ ਤੇ ਇੱਕ ਕਲੋਨੀ ਕੱਟੀ ਜਾ ਰਹੀ ਹੈ। ਜਿਸ ਦੀ ਐਨਓਸੀ ਵਾਸਤੇ ਉਹਨਾਂ ਨੂੰ ਬੀਡੀਪੀਓ ਦਫਤਰ ਦੇ ਪਟਵਾਰੀ ਜਗਤਾਰ ਸਿੰਘ ਅਤੇ ਰਸ਼ਪਾਲ ਸਿੰਘ ਗਾਬੜੀਆ ਪੁੱਤਰ ਹਰਭਜਨ ਸਿੰਘ ਵਾਸੀ ਡਾਬਾ ਰੋਡ ਮਿਲਰਗੰਜ ਲੁਧਿਆਣਾ ਤੋਂ ਇਲਾਵਾ ਮਨਦੀਪ ਸਿੰਘ ਬੀਡੀਪੀਓ ਦਫਤਰ ਲੁਧਿਆਣਾ ਵੱਲੋਂ ਹਮ ਮਸ਼ਵਰਾ ਹੋ ਕੇ ਉਹਨਾਂ ਦੇ ਕਲੋਨੀ ਦੇ ਪ੍ਰੋਜੈਕਟ ਲਈ ਫਰਜੀ ਐਨਓਸੀ ਜਾਰੀ ਕੀਤੀ ਗਈ ਅਤੇ ਬਾਅਦ ਵਿੱਚ ਉਹਨਾਂ ਨੂੰ ਸਾਜਿਸ਼ ਰਚ ਕੇ ਬਲੈਕਮੇਲ ਵੀ ਕੀਤਾ ਗਿਆ ਜਿਸ ਦੀ ਸ਼ਿਕਾਇਤ ਮਿਲਣ ਮਗਰੋਂ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਪੜਤਾਲ ਕਰਨ ਬਾਅਦ ਰਸ਼ਪਾਲ ਸਿੰਘ ਗਾਬੜੀਆ ਅਤੇ ਜਗਤਾਰ ਪਟਵਾਰੀ ਦਫਤਰ ਬੀਡੀਪੀਓ ਦਫਤਰ ਜਗਰਾਉਂ ਨੂੰ ਦੋਸ਼ੀ ਪਾਇਆ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਨਾਂ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਬੀਐਨ ਐਸ ਦੀਆਂ ਅਲੱਗ ਅਲੱਗ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।