ਦੁਕਾਨਦਾਰ ਦਾ ਅੱਗ ਲੱਗਣ ਨਾਲ ਹੋਇਆ ਸੀ ਕਰੋੜਾਂ ਦਾ ਨੁਕਸਾਨ, ਜਗਰੂਪ ਸੇਖਵਾਂ ਨੇ ਲਿਆ ਜਾਇਜਾ
ਜਗਰੂਪ ਸੇਖਵਾਂ ਨੇ ਲਿਆ ਜਾਇਜਾ, ਦੁਕਾਨਦਾਰ ਨੂੰ ਸਰਕਾਰੀ ਸਹਾਇਤਾ ਦਵਾਉਣ ਦੀ ਕਵਾਇਦ ਕੀਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ, 22 ਜਨਵਰੀ 2025-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਬੀਤੇ ਦਿਨੀਂ ਕਾਦੀਆਂ ਦੇ ਇੱਕ ਜਨਰਲ ਸਟੋਰ ਤੇ ਲੱਗੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਅਸੈਸਮੈਂਟ ਬਣਵਾ ਕੇ ਭੇਜੀ ਜਾਵੇ ਤਾਂ ਜੋ ਡੀ ਸੀ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਸਰਕਾਰ ਵੱਲੋਂ ਦੁਕਾਨਦਾਰ ਨੂੰ ਯੋਗ ਮੁਆਵਜ਼ਾ ਦਲਵਾਇਆ ਜਾ ਸਕੇ।
ਉਨ੍ਹਾਂ ਨੇ ਕਾਦੀਆਂ ਥਾਣਾ ਦੇ ਐਸ ਐਚ ੳ ਨਿਰਮਲ ਸਿੰਘ ਨੂੰ ਵੀ ਹਿਦਾਇਤ ਕੀਤੀ ਹੈ ਕਿ ਜੋ ਵੀ ਵਿਅਕਤੀ ਇਸ ਮਾਮਲੇ ਵਿੱਚ ਲੋੜੀਂਦਾ ਹੈ ਉਸ ਨੂੰ 48 ਘੰਟੇ ਅੰਦਰ ਅੰਦਰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਨੇ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਭਾਟੀਆ ਦੀ ਬੇਨਤੀ ਤੇ ਕਿਰਾਏਦਾਰ ਲਖਵਿੰਦਰ ਸਿੰਘ ਉਰਫ਼ ਲੱਖਾ ਜਿਸ ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਅੱਗ ਇਸੇ ਨੇ ਲਗਾਈ ਹੈ ਉਸ ਦੁਕਾਨ ਨੂੰ ਵੀ ਸੀਲ ਕਰਨ ਲਈ ਐਸ ਐਚ ੳ ਕਾਦੀਆਂ ਨੂੰ ਹਿਦਾਇਤ ਕੀਤੀ ਹੈ ਅਤੇ ਪੀੜਿਤ ਪਰਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਵੀ ਕਿਹਾ ਗਿਆ ਹੈ।
ਦੂਜੇ ਪਾਸੇ ਸੀ ਪੀ ਆਈ ਦੇ ਬਜ਼ੁਰਗ ਆਗੂ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਨੇ ਇਸ ਘਟਨਾ ਤੇ ਡੂੰਘਾ ਦੁੱਖ ਅਤੇ ਅਫਸੋਸ ਪ੍ਰਗਟ ਕਰਦੀਆਂ ਕਿਹਾ ਹੈ ਕਿ ਮੁਲਜ਼ਮ ਦੀ ਜਲਦ ਤੋਂ ਜਲਦ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਦੀਆਂ ਵਾਰਦਾਤ ਕਰਨਾ ਬਹੁਤ ਹੀ ਨਿੰਦਣਯੋਗ ਹੈ।