ਚੰਡੀਗੜ੍ਹ ਰੋਸ ਮੁਜ਼ਾਹਰੇ ਲਈ ਦੋ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ
ਅਸ਼ੋਕ ਵਰਮਾ
ਭੁੱਚੋ ਮੰਡੀ, 9 ਜੂਨ 2026: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਮੀਟਿੰਗ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਚੱਕ ਫਤਿਹ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਅਮਰੀਕਾ ਵੱਲੋਂ ਦੇਸ਼ 'ਤੇ ਥੋਪੇ ਜਾ ਰਹੇ ਵਪਾਰ ਸਮਝੌਤੇ ਖਿਲਾਫ, ਇਰਾਨ 'ਤੇ ਅਮਰੀਕੀ ਸਾਮਰਾਜੀ ਹਮਲੇ ਖਿਲਾਫ ਅਤੇ ਇਸ ਹਮਲੇ ਕਾਰਨ ਲੋਕਾਂ 'ਤੇ ਮਹਿੰਗਾਈ ਦੇ ਰੂਪ ਚ ਪੈ ਰਹੇ ਵੱਡੇ ਭਾਰ ਖਿਲਾਫ ਦੋ ਕਿਸਾਨ ਜਥੇਬੰਦੀਆਂ ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ ਵਿੱਚ ਦੋ ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮੁਜਾਰਾ ਕੀਤਾ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਰੇ ਬਲਾਕਾਂ ਦੀਆਂ ਵਧਵੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ 17 ਜੂਨ ਨੂੰ ਔਰਤਾਂ ਦੀ ਜਿਲ੍ਹੇ ਦੀ ਵਧਵੀਂ ਮੀਟਿੰਗ ਕੀਤੀ ਜਾਵੇਗੀ ।
ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ ਧਨੇਰ) ਵੱਲੋਂ 4 ਜੁਲਾਈ ਨੂੰ ਚੰਡੀਗੜ੍ਹ 34 ਸੈਕਟਰ ਵਿਖੇ ਕੇਂਦਰ ਦੀ ਮੋਦੀ ਹਕੂਮਤ ਤੇ ਪੰਜਾਬ ਦੀ ਭਗਵੰਤ ਮਾਨ ਹਕੂਮਤ ਖਿਲਾਫ ਰੋਸ ਧਰਨਾ ਅਤੇ ਮੁਜਾਹਰਾ ਕਰਕੇ ਮੰਗ ਕੀਤੀ ਜਾਵੇਗੀ ਕਿ ਮੁਲਕ ਅੰਦਰ ਖਾਦਾਂ ,ਜਰੂਰੀ ਵਸਤਾਂ ,ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਅਥਾਹ ਵਾਧਾ ਕਰਕੇ ਲੋਕਾਂ 'ਤੇ ਮਹਿੰਗਾਈ ਦਾ ਭਾਰੀ ਬੋਝ ਪਾਇਆ ਜਾ ਰਿਹਾ ਹੈ। ਖਾਦਾਂ ਦੇ ਮਾਮਲੇ ਚ ਵਿਦੇਸ਼ੀ ਮੁਲਕਾਂ 'ਤੇ ਬਣੀ ਹੋਈ ਨਿਰਭਰਤਾ ਕਾਰਨ ਖਾਦਾਂ ਦੀ ਭਾਰੀ ਤੋਟ ਪੈਦਾ ਹੋ ਰਹੀ ਹੈ। ਜਿਸ ਕਾਰਨ ਫਸਲਾਂ ਦੇ ਉਤਪਾਦਨ 'ਤੇ ਅਸਰ ਪੈਣ ਦਾ ਖਤਰਾ ਮੰਡਰਾ ਰਿਹਾ ਹੈ। ਉਹਨਾਂ ਕਿਹਾ ਕਿ ਅਮਰੀਕਾ ਜੰਗ ਦੀ ਆੜ ਵਿੱਚ ਲੋਕਾਂ ਤੇ ਬੋਝ ਪਾਉਣਾ ਬੰਦ ਕੀਤਾ ਜਾਵੇ ਤੇ ਇਹ ਬੋਝ ਵੱਡੇ ਕਾਰਪਰੇਟ ਘਰਾਣਿਆ ਦੇਸੀ ਵਿਦੇਸ਼ੀ ਕੰਪਨੀਆਂ ਤੇ ਵੱਡੇ ਟੈਕਸ ਲਾ ਕੇ ਖਜ਼ਾਨਾ ਭਰਿਆ ਜਾਵੇ ਤੇ ਉਹ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਲਿਆ ਜਾਵੇ।
ਉਹਨਾਂ ਮੰਗ ਕੀਤੀ ਕਿ ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ। ਇਸ ਸਮਝੌਤੇ ਤਹਿਤ ਅਮਰੀਕੀ ਸਾਮਰਾਜੀਆਂ ਨੂੰ ਦਿੱਤੀਆਂ ਗਈਆਂ ਯਕੀਨ ਦਹਾਨੀਆਂ ਰੱਦ ਕੀਤੀਆਂ ਜਾਣ। ਅਮਰੀਕਾ ਇਰਾਨ ਜੰਗ ਦੀ ਆੜ ਵਿਚ ਮਹਿੰਗਾਈ ਵਧਾਉਣ ਦੇ ਕਦਮ ਰੋਕੇ ਜਾਣ ਅਤੇ ਜੰਗ ਨਾਲ ਸਪਲਾਈ 'ਚ ਆਈਆਂ ਸਮੱਸਿਆਵਾਂ ਦਾ ਭਾਰ ਲੋਕਾਂ ਦੀ ਥਾਂ ਵੱਡੇ ਕਾਰੋਬਾਰੀਆਂ ਤੇ ਕੰਪਨੀਆਂ ਸਿਰ ਪਾਇਆ ਜਾਵੇ। ਉਨ੍ਹਾਂ ਸਾਡੇ ਦੇਸ਼ ਦੇ ਹਾਕਮਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਦੇ ਇਰਾਨ ਦੇ ਹਮਲੇ ਖਿਲਾਫ਼ ਆਵਾਜ਼ ਉਠਾਵੇ। ਅਮਰੀਕੀ ਸਾਮਰਾਜੀਆਂ ਦੀ ਸੇਵਾਦਾਰੀ ਬੰਦ ਕਰਕੇ ਗੁਆਂਢੀ ਮੁਲਕਾਂ ਨਾਲ ਦੇਸ਼ ਦੀਆਂ ਲੋੜਾਂ ਅਨੁਸਾਰ ਮਿੱਤਰਤਾ ਪੂਰਨ ਸੰਬੰਧ ਕਾਇਮ ਕਰੇ। ਇਸੇ ਤਰਾਂ ਉਹਨਾਂ ਕਿਹਾ ਕਿ ਬੈਂਕਾਂ ਵਿੱਚ ਹੁੰਦੀਂ ਖਜਲ ਖੁਆਰੀ ਬੰਦ ਕੀਤੀ ਜਾਵੇ ਪਿਛਲੇ ਸਮੇਂ ਦੇ ਵਿੱਚ ਮਹਿੰਗਾਈ ਵਧਣ ਕਾਰਨ ਪੰਜਾਬ ਸਰਕਾਰ ਵੱਲੋਂ ਜੋ ਕੋਆਪਰੇਟਿਵ ਅਦਾਰਿਆਂ ਚ ਹੱਦ ਕਰਜੇ ਵਧਾਉਣ ਦਾ ਫੈਸਲਾ ਕੀਤਾ ਸੀ ਪੰਜਾਬ ਸਰਕਾਰ ਵੱਲੋਂ ਵਾਪਸ ਲਿਆ ਗਿਆ ਹੈ, ਉਸ ਨੂੰ ਮੁੜ ਵਧੇ ਹੋਏ ਹੱਦ ਕਰਦਿਆ ਦਾ ਐਲਾਨ ਤੁਰੰਤ ਕੀਤਾ ਜਾਵੇ ਅਤੇ ਇਸ ਦਾ ਭੁਗਤਾਨ ਤੁਰੰਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਰਾਜਾਂ ਦੀ ਸਥਾਈ ਮੈਂਬਰੀ ਖਤਮ ਕਰਨ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ। ਔਰਤ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਸਰਕਾਰ ਸਾਡਾ ਚੰਡੀਗੜ੍ਹ ਦੇ ਵਿੱਚ ਜਾਣ ਦਾ ਜਮਹੂਰੀ ਹੱਕ ਬਹਾਲ ਕਰੇ ਅਤੇ ਰੋਕਾਂ ਲਾਉਣੀਆਂ ਬੰਦ ਕਰੇ ।ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁਹਿੰਮ ਨੂੰ ਮਹਿੰਗਾਈ ਦੀ ਚੱਕੀ ਚ ਪਿੱਸ ਰਹੇ ਲੋਕਾਂ ਤੱਕ ਲੈ ਕੇ ਜਾਣ ਲਈ ਪਿੰਡ ਪਿੰਡ ਗਲੀ ਮਹੱਲਿਆਂ ਤੱਕ ਔਰਤ ਭੈਣਾਂ ਦੀਆਂ ਮੀਟਿੰਗਾਂ ਕਰਕੇ ਲਾਮਬੰਦੀ ਕਰਕੇ ਜ਼ੋਰਦਾਰ ਚੰਡੀਗੜ੍ਹ ਐਕਸ਼ਨ ਦੇ ਵਿੱਚ ਸ਼ਾਮਿਲ ਕਰਵਾਉਣ ਲਈ ਦੱਸਿਆ ਜਾਵੇਗਾ ਕਿ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਤੇ ਉਹ ਸੰਘਰਸ਼ਾਂ ਦੇ ਪਿੜ ਮੱਲ ਕੇ ਵੱਡੀਆਂ ਲਾਮਬੰਦੀਆਂ ਦੇ ਨਾਲ ਵੱਡੇ ਵੱਡੇ ਖੱਬੀ ਖਾਨਾਂ ਨੂੰ ਵੀ ਝੁਕਾ ਸਕਦੇ ਹਨ ਜਿਵੇਂ ਦਿੱਲੀ ਕਿਸਾਨ ਅੰਦੋਲਨ ਵੇਲੇ ਮੋਦੀ ਸਰਕਾਰ ਨੂੰ ਝੁਕਾਇਆ ਸੀ। ਅੱਜ ਦੀ ਮੀਟਿੰਗ ਵਿੱਚ ਮਾਲਣ ਕੌਰ ਕੋਠਾ ਗੁਰੂ, ਸੁਖਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਝੁੰਬ,ਸੁਖਦੇਵ ਸਿੰਘ ਰਾਮਪੁਰਾ ਗੁਲਾਬ ਸਿੰਘ ਜਿਉਂਦ, ਅਵਤਾਰ ਸਿੰਘ ਪੂਹਲਾ, ਜਗਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਕੋਠਾ ਗੁਰੂ, ਅਵਤਾਰ ਸਿੰਘ ਭਗਤਾ, ਰਾਮ ਸਿੰਘ ਕੋਟਗੁਰੂ,ਜਸਕਰਨ ਸਿੰਘ ਕੋਟਗੂਰੂ ਬਹੱਤਰ ਸਿੰਘ ਨੰਗਲਾ, ਹਰਪ੍ਰੀਤ ਸਿੰਘ ਚੱਠੇ ਵਾਲਾ, ਰਾਜਵਿੰਦਰ ਸਿੰਘ ਰਾਮ ਨਗਰ ਆਦਿ ਆਗੂ ਸ਼ਾਮਲ ਸਨ।
- Download Babushahi App
-
-