ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਡਵਾਂਸ ਮਟੀਰੀਅਲ ਵਿਗਿਆਨ ਦੇ ਵਿਸ਼ੇ 'ਤੇ ਕਰਵਾਈ ਗਈ ਚਾਰਮ-2025 ਕਾਨਫ਼ਰੰਸ
ਅਮਰੀਕਾ, ਇੰਗਲੈਂਡ, ਇਟਲੀ ਤੇ ਹੋਰ ਵੱਖ-ਵੱਖ ਮੁਲਕਾਂ ਦੇ ਮਹਾਨ ਖੋਜਕਾਰਾਂ ਨੇ ਕਾਨਫ਼ਰੰਸ ਵਿੱਚ ਕੀਤੀ ਸ਼ਿਰਕਤ, ਮਟੀਰੀਅਲ ਰਿਸਰਚ ਨੂੰ ਏਆਈ ਨਾਲ ਜੋੜਨ ਬਾਰੇ ਹੋਈ ਵਿਚਾਰ ਚਰਚਾ
ਕੇਂਦਰ ਸਰਕਾਰ ਦੇਸ਼ ਵਿੱਚ ਵਿਗਿਆਨ ਨੂੰ ਪ੍ਰਫੁੱਲਿਤ ਕਰਨ ਲਈ ਨੌਜਵਾਨਾਂ ਨੂੰ ਦੇ ਰਹੀ ਆਰਥਿਕ ਮਦਦ ਤੇ ਨਵੇਂ ਮੌਕੇ, ਹੁਣ ਖੋਜ ਕਰਨਾ ਹੋਇਆ ਅਸਾਨ: ਪ੍ਰੋਫੈਸਰ ਕਾਲੋਬਰਨ ਮੈਤੀ, ਡਾਇਰੈਕਟਰ, ਆਈਏਸੀਐਸ ਕੋਲਕਾਤਾ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਈ ਗਈ ਕਾਨਫ਼ਰੰਸ ਦੌਰਾਨ ਟਿਕਾਊ ਵਿਕਾਸ ਲਈ ਉੱਨਤ ਸਮੱਗਰੀ ਤੇ ਏਆਈ ਦੇ ਵਿਸ਼ੇ 'ਤੇ ਕੀਤੀ ਚਰਚਾ
ਮੋਹਾਲੀ : "ਜਿਹੜੇ ਲੋਕ ਖੋਜ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਅੱਜ ਕੇਂਦਰ ਸਰਕਾਰ ਨੇ ਕਈ ਨਵੇਂ ਮੌਕੇ ਪੈਦਾ ਕੀਤੇ ਹਨ। ਭਾਵੇਂ ਉਹ ਆਪਣਾ ਸਟਾਰਅੱਪ ਸ਼ੁਰੂ ਕਰਨ ਅਤੇ ਖੋਜ ਕਰਨ ਲਈ ਆਰਥਿਕ ਮਦਦ ਕਿਉਂ ਨਾ ਹੋਵੇ। ਨੌਜਵਾਨਾਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਮਰਥਨ ਮਿਲ ਰਿਹਾ ਹੈ। ਖ਼ਾਸ ਕਰਕੇ ਉਨ੍ਹਾਂ ਨੂੰ, ਜਿਹੜੇ ਆਪਣੀ ਖੋਜ ਨਾਲ ਦੁਨੀਆ ਵਿੱਚ ਅਹਿਮ ਯੋਗਦਾਨ ਪਾਉਣ ਦੀ ਚਾਹ ਰੱਖਦੇ ਹਨ। ਇਸ ਕਰਕੇ ਸਾਨੂੰ ਆਪਣੇ ਆਪ ਨੂੰ ਮੁੜ ਤੋਂ ਘੋਖਣ ਕਰਨ ਦੀ ਲੋੜ ਹੈ, ਤਾਂ ਕਿ ਅਸੀਂ ਵਿਗਿਆਨ ਦੇ ਖੇਤਰ ਵਿੱਚ ਆਪਣੀ ਖੋਜ ਨਾਲ ਵਡਮੁੱਲਾ ਯੋਗਦਾਨ ਪਾ ਸਕੀਏ, ਤਾਂ ਜੋ ਸਾਡੀ ਖੋਜ ਦੇ ਨਾਲ ਸਮਾਜ ਨੂੰ ਫ਼ਾਇਦਾ ਹੋਵੇ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੋਲਕਾਤਾ ਦੇ ਇੰਡੀਆ ਐਸੋਸੀਏਸ਼ਨ ਆਫ਼ ਕਲਟੀਵੇਸ਼ਨ ਆਫ਼ ਸਾਇੰਸ ਦੇ ਡਾਇਰੈਕਟਰ ਕਾਲੋਬਾਰਨ ਮੈਤੀ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਐਡਵਾਂਸ ਮਟੀਰੀਅਲ ਵਿਗਿਆਨ ਵਿਸ਼ੇ 'ਤੇ ਪਹਿਲੀ ਚਾਰਮ 2025 (CHARM-2025) ਅੰਤਰਰਾਸ਼ਟਰੀ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਸਨ।
ਦੱਸ ਦਈਏ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਸਹਿਯੋਗ ਨਾਲ ਐਡਵਾਂਸ ਮਟੀਰੀਅਲ ਵਿਗਿਆਨ ਵਿਸ਼ੇ 'ਤੇ ਕਰਵਾਈ ਗਈ ਇਸ ਕਾਨਫਰੰਸ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਉੱਘੇ ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ, ਉਦਯੋਗਿਕ ਅਤੇ ਨੀਤੀਗਤ ਭਾਈਵਾਲਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਕਾਰਜਸ਼ੀਲ ਮੈਟੀਰੀਅਲ, ਖ਼ਾਸ ਵਿਸ਼ੇਸ਼ਤਾ ਵਾਲੇ ਸਾਧਨਾਂ ਅਤੇ ਟਿਕਾਊ ਵਿਕਾਸ ਵਿੱਚ ਉਨ੍ਹਾਂ ਦੇ ਉਪਯੋਗਾਂ ਵਿੱਚ ਅਤਿ-ਆਧੁਨਿਕ ਖੋਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ 'ਤੇ ਮੌਜੂਦ ਹਾਜ਼ਰੀਨਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਵੀਰਾਜਾ ਐਨ. ਸੀਤਾਰਾਮ ਅਤੇ ਚਾਂਸਲਰ ਦੇ ਅਕਾਦਮਿਕ ਸਲਾਹਕਾਰ ਪ੍ਰੋਫੈਸਰ (ਡਾ.) ਅਰੁਣ ਕੇ. ਗਰੋਵਰ ਮੁੱਖ ਤੌਰ 'ਤੇ ਸ਼ਾਮਲ ਰਹੇ।
3 ਦਿਨਾਂ ਤੱਕ ਚੱਲੀ ਇਸ ਕਾਨਫ਼ਰੰਸ ਲਈ ਕੁੱਲ 350 ਖੋਜ ਪੱਤਰ ਹਾਸਲ ਹੋਏ, ਜਿਨ੍ਹਾਂ ਵਿੱਚ 105 ਉੱਨਤ ਸਮੱਗਰੀ (ਐਡਵਾਂਸ ਮੈਟੀਰੀਅਲ), ਏਆਈ ਇੰਟਿਗ੍ਰੇਸ਼ਨ ਸਣੇ ਹੋਰ ਵਿਸ਼ਿਆਂ 'ਤੇ ਰਹੇ। ਇਨ੍ਹਾਂ ਖੋਜ ਪੱਤਰਾਂ ਨੂੰ ਅਮਰੀਕਾ, ਮਲੇਸ਼ੀਆ, ਇੰਗਲੈਂਡ, ਇਟਲੀ, ਕੈਨੇਡਾ ਤੇ ਦੁਬਈ ਅਤੇ ਆਈਆਈਟੀ, ਐਨਆਈਟੀ, ਆਈਆਈਐਸਈਆਰ, ਸੀਐਸਆਈਆਰ ਵਰਗੇ ਵੱਕਾਰੀ ਸਿੱਖਿਆ ਅਦਾਰਿਆਂ ਤੋਂ ਆਏ ਪ੍ਰਸਿੱਧ ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਗਿਆਨੀਆਂ ਵੱਲੋਂ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਕਾਨਫ਼ਰੰਸ ਲਈ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ।
ਕਾਨਫ਼ਰੰਸ ਦੇ ਮੁੱਖ ਮਹਿਮਾਨ ਪ੍ਰੋ. ਕਾਲੋਬਾਰਨ ਮੈਤੀ ਨੇ ਘੱਟ ਲਾਗਤ ਅਤੇ ਉੱਚ ਪ੍ਰਭਾਵ ਵਾਲੇ ਪ੍ਰਯੋਗਾਂ 'ਤੇ ਜ਼ੋਰ ਦਿੰਦਿਆਂ ਕਿਹਾ, "ਭਾਰਤ ਨੂੰ ਹਾਲੇ ਵਿਗਿਆਨ ਦੇ ਵਿਸ਼ੇ ਵਿੱਚ ਸਿਰਫ਼ ਇੱਕ ਨੋਬਲ ਪੁਰਸਕਾਰ ਮਿਲਿਆ ਹੈ। ਇਸ ਨੂੰ ਮਹਾਨ ਵਿਗਿਆਨੀ ਸੀਵੀ ਰਮਨ ਨੇ ਜਿੱਤਿਆ ਸੀ, ਪਰ ਇਸ ਤੋਂ ਬਾਅਦ ਵੀ ਭਾਰਤ ਵਿੱਚ ਇਸ ਵਿਸ਼ੇ 'ਤੇ ਕਈ ਕੰਮ ਹੋਏ ਹਨ, ਬਾਵਜੂਦ ਇਸ ਦੇ ਕਿ ਸਾਡੇ ਕੋਲ ਸਰੋਤ ਸੀਮਤ ਰਹੇ ਅਤੇ ਸਮਰਥਨ ਵੀ ਜ਼ਿਆਦਾ ਨਹੀਂ ਮਿਲਿਆ। ਅਸੀਂ ਸਿਰਫ਼ ਫ਼ੰਡਿੰਗ ਅਤੇ ਮੁੱਢਲੇ ਢਾਂਚੇ ਵੱਲ ਧਿਆਨ ਕੇਂਦਰਿਤ ਕੀਤਾ, ਪਰ ਕਾਮਯਾਬੀ ਸਿਰਫ਼ ਇਨ੍ਹਾ ਚੀਜ਼ਾਂ 'ਤੇ ਹੀ ਨਿਰਭਰ ਨਹੀਂ ਕਰਦੀ ਹੈ। ਇਸ ਦੀ ਬਿਹਤਰੀਨ ਮਿਸਾਲ ਹੈ ਨੋਬਲ ਪੁਰਸਕਾਰ ਜੇਤੂ ਆਂਦਰੇ ਗੀਮ ਵੱਲੋਂ ਗ੍ਰਾਫੇਨ ਦੀ ਖੋਜ, ਇਹ ਇੱਕ ਘੱਟ ਲਾਗਤ (ਫ਼ੰਡਿੰਗ) ਵਾਲਾ ਪ੍ਰੋਜੈਕਟ ਸੀ, ਜਿਸ ਨੂੰ ਉਨ੍ਹਾਂ ਦੀਆਂ ਬਿਹਤਰੀਨ ਖੋਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਫ਼ੰਡਿੰਗ ਅਤੇ ਸਾਧਨ ਤੁਹਾਡੀ ਖੋਜ ਵਿੱਚ ਰੁਕਾਵਟ ਨਹੀਂ ਬਣਨੇ ਚਾਹੀਦੇ ਹਨ।"
ਮੋਹਾਲੀ ਦੇ ਇੰਸਟੀਚਿਊਟ ਆਫ਼ ਨੈਨੋ ਸਾਇੰਸ ਐਂਡ ਟੈਕਨਾਲੋਜੀ (INST) ਦੇ ਡਾਇਰੈਕਟਰ ਅਤੇ ਵਿਗਿਆਨੀ, ਪ੍ਰੋਫੈਸਰ (ਡਾ.) ਆਕਾਸ਼ ਦੀਪ ਨੇ ਕਿਹਾ, "ਮਟੀਰੀਅਲ ਸਿੰਥੇਸਿਸ ਅਤੇ ਮਟੀਰੀਅਲ ਵਿਕਾਸ ਵਿੱਚ ਸਾਰਾ ਗੁਣਵੱਤਾ ਨਿਯੰਤਰਣ ਕੈਰੇਕਟਰਾਈਜ਼ੇਸ਼ਨ ਨਾਲ ਸ਼ੁਰੂ ਹੁੰਦਾ ਹੈ। ਸਹੀ ਕੈਰੇਕਟਰਾਈਜ਼ੇਸ਼ਨ ਤੋਂ ਬਿਨਾਂ, ਕੋਈ ਵੀ ਮਟੀਰੀਅਲ ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਡਿਜ਼ਾਈਨ ਨਹੀਂ ਕੀਤਾ ਜਾ ਸਕਦਾ। ਇਹ ਕਾਨਫਰੰਸ ਅੱਜ ਦੇ ਸੰਦਰਭ ਵਿੱਚ ਬਹੁਤ ਹੀ ਢੁਕਵੀਂ ਹੈ, ਕਿਉਂਕਿ ਸਾਡਾ ਦੇਸ਼ ਕਈ ਪ੍ਰਮੁੱਖ ਮਿਸ਼ਨਾਂ ਜਿਵੇਂ ਕਿ ਕ੍ਰਿਟੀਕਲ ਮੈਟਲ ਰਿਕਵਰੀ ਮਿਸ਼ਨ, ਕੁਆਂਟਮ ਮਟੀਰੀਅਲ ਮਿਸ਼ਨ, ਗ੍ਰੀਨ ਗੰਗਾ ਮਿਸ਼ਨ, ਸਵੱਛ ਭਾਰਤ ਮਿਸ਼ਨ, ਅਤੇ ਬਾਇਓ-ਮੈਨੂਫੈਕਚਰਿੰਗ ਮਿਸ਼ਨ ਦੇ ਵਿਕਾਸ ਵੱਲ ਯਤਨਸ਼ੀਲ ਹੈ। ਇਹ ਸਾਰੇ ਮਿਸ਼ਨ ਸਮੱਗਰੀ ਦੇ ਵਿਕਾਸ, ਵਰਤੋਂ ਅਤੇ ਨਵੀਨਤਾ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ।"
ਪ੍ਰੋਫੈਸਰ ਆਕਾਸ਼ ਦੀਪ ਨੇ ਅੱਗੇ ਕਿਹਾ, "ਬਾਇਓਮੈਟੀਰੀਅਲ, ਕੁਆਂਟਮ ਮਟੀਰੀਅਲ ਅਤੇ ਹੋਰ ਉੱਭਰ ਰਹੇ ਮਟੀਰੀਅਲਾਂ ਦਾ ਵਿਕਾਸ ਅਤੇ ਏਕੀਕਰਨ 2047 ਤੱਕ ਪ੍ਰਧਾਨ ਮੰਤਰੀ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗਾ। ਤੁਹਾਡੇ ਸਾਰਿਆਂ ਕੋਲ ਇਨ੍ਹਾਂ ਮਿਸ਼ਨਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦਾ ਇੱਕ ਵਧੀਆ ਮੌਕਾ ਹੈ ਜੋ ਸਾਡੇ ਦੇਸ਼ ਨੂੰ ਇੱਕ ਪ੍ਰਤੀਯੋਗੀ ਗਲੋਬਲ ਲੀਡਰ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ। ਜਿਵੇਂ ਕਿ ਅਸੀਂ ਯੂਰਪ ਅਤੇ ਅਮਰੀਕਾ ਵਿੱਚ ਪ੍ਰਗਤੀ ਨੂੰ ਦੇਖਦੇ ਹਾਂ, ਸਾਨੂੰ ਇਹ ਯਕੀਨੀ ਬਣਾਉਣ ਲਈ ਬਰਾਬਰ ਸਮਰਪਣ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਸਾਡੀ ਖੋਜ ਸੱਭਿਆਚਾਰ ਅਤੇ ਨਤੀਜੇ ਵਿਸ਼ਵ ਪੱਧਰੀ ਮਿਆਰਾਂ ਦੇ ਬਰਾਬਰ ਹੋਣ। ਇਨ੍ਹਾਂ ਸਾਰੇ ਖੇਤਰਾਂ ਵਿੱਚ ਸਮੱਗਰੀ ਖੋਜ ਦਾ ਪਰਿਵਰਤਨ ਮਹੱਤਵਪੂਰਨ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਖੋਜ ਸੱਭਿਆਚਾਰ ਇੰਨੇ ਘੱਟ ਸਮੇਂ ਵਿੱਚ ਕਾਫ਼ੀ ਮਜ਼ਬੂਤ ਹੋਇਆ ਹੈ। ਇਹ ਯੂਨੀਵਰਸਿਟੀ ਖੋਜ-ਅਧਾਰਤ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਜਿਸ ਤਰ੍ਹਾਂ ਦਾ ਸਮਰਥਨ ਪ੍ਰਦਾਨ ਕਰਦੀ ਹੈ ਉਹ ਸੱਚਮੁੱਚ ਸ਼ਲਾਘਾਯੋਗ ਹੈ।"
ਖੋਜਕਾਰਾਂ ਅਤੇ ਉਦਯੋਗ ਮਾਹਿਰਾਂ ਨੇ ਟਿਕਾਊਤਾ, ਨਵੀਨਤਾ ਅਤੇ ਤਕਨੀਕੀ ਤਰੱਕੀ ਦੇ ਨਾਲ ਸਮੱਗਰੀ ਵਿਗਿਆਨ ਨੂੰ ਜੋੜਨ ਦੇ ਉਦੇਸ਼ ਨਾਲ, ਉੱਨਤ ਸਮੱਗਰੀ ਡਿਜ਼ਾਈਨ ਅਤੇ ਸੰਸਲੇਸ਼ਣ, ਨੈਨੋਮੈਟੀਰੀਅਲ ਅਤੇ ਸੰਯੁਕਤ ਪ੍ਰਣਾਲੀਆਂ, ਊਰਜਾ ਅਤੇ ਐਪਲੀਕੇਸ਼ਨ-ਅਧਾਰਿਤ ਸਮੱਗਰੀ, ਵਿਸ਼ੇਸ਼ਤਾ ਅਤੇ ਵਿਸ਼ਲੇਸ਼ਣਾਤਮਕ ਨਵੀਨਤਾ, AI-ਸੰਚਾਲਿਤ ਸਮੱਗਰੀ ਖੋਜ ਅਤੇ ਡਿਜ਼ਾਈਨ, ਵਿਸ਼ੇਸ਼ਤਾ, ਪ੍ਰੋਸੈਸਿੰਗ ਅਤੇ ਟਿਕਾਊ ਐਪਲੀਕੇਸ਼ਨਾਂ ਵਿੱਚ AI ਸਮੇਤ ਵਿਭਿੰਨ ਅਤੇ ਦੂਰਦਰਸ਼ੀ ਵਿਸ਼ਿਆਂ 'ਤੇ ਡੂੰਘਾਈ ਨਾਲ ਅਧਿਐਨ ਕੀਤੇ।