ਚੇਅਰਮੈਨ ਇੰਦਰਜੀਤ ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ ਪਿੱਛੋਂ ਰਾਮਪੁਰਾ ਹਲਕੇ 'ਚ ਨਵੇਂ ਚਰਚੇ ਛਿੜੇ
ਅਸ਼ੋਕ ਵਰਮਾ
ਬਠਿੰਡਾ, 22 ਮਾਰਚ 2026 : ਪੰਜਾਬ ਮਾਰਕਫੈਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਨਵੇਂ ਸਿਆਸੀ ਚੁੰਝ ਚਰਚੇ ਛਿੜ ਗਏ ਹਨ। ਹਾਲਾਂਕਿ ਮਾਨ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਇਸ ਮੁਲਾਕਾਤ ਨੂੰ ਮਾਰਕਫੈਡ ਨੂੰ ਹੋਰ ਤਰੱਕੀ ਤੇ ਲਿਜਾਣ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੀ ਮੁਲਾਕਾਤ ਦੱਸਿਆ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਹਨ ਉਸ ਨੂੰ ਦੇਖਦਿਆਂ ਸਿਆਸੀ ਮਾਹਿਰ ਇਸ ਨੂੰ ਵਿਧਾਨ ਸਭਾ ਚੋਣਾਂ 2027 ਨਾਲ ਜੋੜ ਕੇ ਦੇਖ ਰਹੇ ਹਨ। ਇਸ ਹਲਕੇ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਾਇਕ ਬਲਕਾਰ ਸਿੱਧੂ ਨੇ ਕਰੀਬ 10 ਹਜਾਰ ਵੋਟਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਹਰਾਇਆ ਸੀ। ਹੁਣ ਜਦੋਂ ਸਿਕੰਦਰ ਸਿੰਘ ਮਲੂਕਾ ਦੁਬਾਰਾ ਸਰਗਰਮ ਹੋਏ ਹਨ ਤਾਂ ਪੁਰਾਣੇ ਵਲੰਟੀਅਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਹੋਰ ਜਿਆਦਾ ਸਰਗਰਮ ਕਰਨ ਦੀ ਮੰਗ ਉੱਠ ਰਹੀ ਹੈ। ਇਹਨਾਂ ਤੱਥਾਂ ਨੂੰ ਦੇਖਦਿਆਂ ਇੰਦਰਜੀਤ ਸਿੰਘ ਮਾਨ ਦੀ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਹਲਕੇ ਵਿੱਚ ਸਿਆਸੀ ਚਰਚਾ ਛੇੜਨ ਲੱਗੀ ਹੈ।
ਮਾਰਕਫੈੱਡ ਪੰਜਾਬ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਦਾ ਇਸ ਮੀਟਿੰਗ ਸਬੰਧੀ ਕਹਿਣਾ ਸੀ ਕਿ ਇਸ ਮ ਦੌਰਾਨ ਪੰਜਾਬ ਦੇ ਲੋਕਾਂ ਦੀ ਭਲਾਈ ਅਤੇ ਮਾਰਕਫੈੱਡ ਪੰਜਾਬ ਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਣ ਲਈ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਉਹਨਾਂ ਦੱਸਿਆ ਕਿ ਆਪ ਕਨਵੀਨਰ ਨੇ ਸਪਸ਼ਟ ਕੀਤਾ ਕਿ ਲੋਕ-ਹਿੱਤ ਵਾਲੀਆਂ ਯੋਜਨਾਵਾਂ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰਨਾ ਸਮੇਂ ਦੀ ਲੋੜ ਹੈ ਅਤੇ ਮਾਰਕਫੈੱਡ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।ਇਸ ਮੌਕੇ “ਮਾਨ ਸਰਕਾਰ” ਦੀ ਲੋਕ-ਕੇਂਦਰਿਤ ਨਵੀਂ ਮੁਹਿੰਮ “ਮੇਰੀ ਰਸੋਈ” ਬਾਰੇ ਵੀ ਗੰਭੀਰ ਚਰਚਾ ਹੋਈ। ਇਸ ਯੋਜਨਾ ਤਹਿਤ ਮਾਰਕਫੈੱਡ ਪੰਜਾਬ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਰਾਸ਼ਨ ਕਿੱਟਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਿਆਪਕ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਹਰ ਲੋੜਵੰਦ ਪਰਿਵਾਰ ਤੱਕ ਸਹਾਇਤਾ ਸਮੇਂ ਸਿਰ ਪਹੁੰਚ ਸਕੇ।
ਇੰਦਰਜੀਤ ਮਾਨ ਨੇ ਦੱਸਿਆ ਕਿ ਬਤੌਰ ਸਟੇਟ ਸੈਕਟਰੀ (ਮਾਲਵਾ ਜੋਨ) ਉਹਨਾਂ ਵੱਲੋਂ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਰਣਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿਛਲੇ ਸਮੇਂ ਦੌਰਾਨ ਲੋਕ-ਹਿੱਤ ਵਿੱਚ ਕੀਤੇ ਗਏ ਕੰਮਾਂ ਨੂੰ ਹੁਣ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਸਿਰਫ ਵਾਅਦਿਆਂ ਤੱਕ ਸੀਮਿਤ ਨਹੀਂ, ਸਗੋਂ ਲੋਕਾਂ ਦੇ ਜੀਵਨ ਵਿੱਚ ਅਸਲ ਬਦਲਾਅ ਲਿਆਉਣ ਦੀ ਹੈ। “ਮੇਰੀ ਰਸੋਈ” ਵਰਗੀਆਂ ਮੁਹਿੰਮਾਂ ਰਾਹੀਂ ਹਰ ਘਰ ਤੱਕ ਸੁਰੱਖਿਆ, ਸਹੂਲਤ ਅਤੇ ਸਨਮਾਨ ਪਹੁੰਚਾਉਣਾ ਹੀ ਸਾਡਾ ਮੁੱਖ ਲਕਸ਼ ਹੈ।
ਇਹ ਮੁਲਾਕਾਤ ਪੰਜਾਬ ਦੇ ਭਵਿੱਖ ਲਈ ਇੱਕ ਨਵੀਂ ਦਿਸ਼ਾ ਦਰਸਾਉਂਦੀ ਹੈ, ਜਿੱਥੇ ਸੇਵਾ, ਇਮਾਨਦਾਰੀ ਅਤੇ ਲੋਕ-ਭਲਾਈ ਸਭ ਤੋਂ ਵੱਡੀ ਤਾਕਤ ਬਣ ਕੇ ਉਭਰ ਰਹੀ ਹੈ।
Click to Follow Babushahi Facebook page →