ਘੜੀਆਂ ਦਲੀਲਾਂ ਨਾ ਆਈਆਂ ਕੰਮ:
ਨਿਊਜ਼ੀਲੈਂਡ ’ਚ ਪਤਨੀ ਦੇ ਕਾਤਲ ਨੂੰ ਭਾਰਤ ਵਾਪਸ ਭੇਜਣ ਵਾਲੀ ਅਪੀਲ ਟ੍ਰਿਬਿਊਨਲ ਵੱਲੋਂ ਖਾਰਜ
-ਸਮਾਜਿਕ ਬਦਨਾਮੀ ਅਤੇ ਜਾਨੀ ਖ਼ਤਰੇ ਦੇ ਦਾਅਵੇ ਨਿਕਲੇ ਝੂਠੇ
-ਸਜ਼ਾ ਪੂਰੀ ਹੁੰਦਿਆਂ ਹੀ ਕੀਤਾ ਜਾਵੇਗਾ ਡਿਪੋਰਟ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਮਈ, 2026:-ਦੱਖਣੀ ਔਕਲੈਂਡ ਵਿੱਚ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇੱਕ ਭਾਰਤੀ ਨਾਗਰਿਕ ਵੱਲੋਂ ਭਾਰਤ ਡਿਪੋਰਟ ਕੀਤੇ ਜਾਣ ਤੋਂ ਬਚਣ ਲਈ ਪਾਈ ਗਈ ਮਨੁੱਖੀ ਅਧਿਕਾਰ ਅਪੀਲ ਨੂੰ ਨਿਊਜ਼ੀਲੈਂਡ ਦੇ ‘ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ’ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਮੁਲਜ਼ਮ ਬੇਅੰਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਜੇਕਰ ਉਸ ਨੂੰ ਵਾਪਸ ਭਾਰਤ ਭੇਜਿਆ ਗਿਆ, ਤਾਂ ਉਸ ਨੂੰ ਉੱਥੇ ਸਮਾਜਿਕ ਬਦਨਾਮੀ, ਇਕੱਲਤਾ ਅਤੇ ਜਾਨੀ ਖ਼ਤਰੇ ਦਾ ਸਾਹਮਣਾ ਕਰਨਾ ਪਵੇਗਾ, ਪਰ ਟ੍ਰਿਬਿਊਨਲ ਨੇ ਉਸ ਦੇ ਦਾਅਵਿਆਂ ਨੂੰ ਝੂਠਾ ਅਤੇ ਗੁਮਰਾਹਕੁੰਨ ਪਾਇਆ।
ਕੀ ਸੀ ਪੂਰਾ ਮਾਮਲਾ? ਮੀਡੀਆ ਰਿਪੋਰਟਾਂ ਅਨੁਸਾਰ ਬੇਅੰਤ ਸਿੰਘ ਨੂੰ ਸਾਲ 2022 ਵਿੱਚ ਆਪਣੀ ਪਤਨੀ ਬਿੰਦਰਪਾਲ ਕੌਰ ਦੇ ਕਤਲ ਦੇ ਜੁਰਮ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ 10 ਸਾਲ ਅਤੇ 6 ਮਹੀਨੇ ਦਾ ਨਾਨ-ਪੈਰੋਲ ਪੀਰੀਅਡ (ਘੱਟੋ-ਘੱਟ ਜੇਲ੍ਹ ਕੱਟਣ ਦੀ ਮਿਆਦ) ਤੈਅ ਕੀਤਾ ਗਿਆ ਸੀ। 20 ਸਤੰਬਰ 2020 ਦੀ ਰਾਤ ਨੂੰ ਦੱਖਣੀ ਔਕਲੈਂਡ ਸਥਿਤ ਘਰ ਵਿੱਚ ਇੱਕ ਘਰੇਲੂ ਕਲੇਸ਼ ਤੋਂ ਬਾਅਦ ਬੇਅੰਤ ਸਿੰਘ ਨੇ ਬਿੰਦਰਪਾਲ ਕੌਰ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁਲਜ਼ਮ ਨੇ ਹਾਈ ਕੋਰਟ ਵਿੱਚ ਟ?ਰਾਇਲ ਸ਼ੁਰੂ ਹੋਣ ਤੋਂ ਮਹਿਜ਼ ਕੁਝ ਹਫ਼ਤੇ ਪਹਿਲਾਂ ਆਪਣਾ ਗੁਨਾਹ ਕਬੂਲ ਕੀਤਾ ਸੀ।
ਬੱਚਾ ਨਾ ਹੋਣ ਕਾਰਨ ਦਿੰਦਾ ਸੀ ਮਾਨਸਿਕ ਤੇ ਸਰੀਰਕ ਟਾਰਚਰ
ਅਦਾਲਤੀ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜੋੜੇ ਦੇ ਵਿਆਹੁਤਾ ਜੀਵਨ ਵਿੱਚ ਔਲਾਦ ਨਾ ਹੋਣ ਕਾਰਨ ਭਾਰੀ ਤਣਾਅ ਚੱਲ ਰਿਹਾ ਸੀ। ਬਿੰਦਰਪਾਲ ਕੌਰ ਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਬੇਅੰਤ ਸਿੰਘ ਬੱਚਾ ਨਾ ਹੋਣ ਦਾ ਕਸੂਰਵਾਰ ਬਿੰਦਰਪਾਲ ਨੂੰ ਮੰਨਦਾ ਸੀ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਦਾ-ਮਾਰਦਾ ਸੀ। ਮੌਤ ਤੋਂ ਪਹਿਲਾਂ ਬਿੰਦਰਪਾਲ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਾਰਕੁੱਟ ਦੀਆਂ ਤਸਵੀਰਾਂ ਭੇਜ ਕੇ ਖ਼ਦਸ਼ਾ ਜਤਾਇਆ ਸੀ ਕਿ ਉਸ ਦਾ ਪਤੀ ਉਸ ਦਾ ਕਤਲ ਕਰ ਸਕਦਾ ਹੈ। ਹਾਈ ਕੋਰਟ ਨੇ ਵੀ ਸਜ਼ਾ ਸੁਣਾਉਂਦੇ ਵੇਲੇ ਮੰਨਿਆ ਸੀ ਕਿ ਸਿੰਘ ਦਾ ਰਵੱਈਆ ਬਹੁਤ ਹਿੰਸਕ, ਸ਼ੱਕੀ ਅਤੇ ਕੰਟਰੋਲ ਕਰਨ ਵਾਲਾ ਸੀ।
ਡਿਪੋਰਟੇਸ਼ਨ ਤੋਂ ਬਚਣ ਲਈ ਟ੍ਰਿਬਿਊਨਲ ਅੱਗੇ ਘੜੀਆਂ ਦਲੀਲਾਂ
ਨਿਊਜ਼ੀਲੈਂਡ ਵਿੱਚ ਸਿਰਫ਼ ਸੱਤ ਸਾਲ ਰਹਿਣ ਤੋਂ ਬਾਅਦ ਇਸ ਘਿਨਾਉਣੇ ਜੁਰਮ ਨੂੰ ਅੰਜਾਮ ਦੇਣ ਕਾਰਨ ਬੇਅੰਤ ਸਿੰਘ ਨੂੰ ਅਪ੍ਰੈਲ 2024 ਵਿੱਚ ਡਿਪੋਰਟੇਸ਼ਨ ਲਾਇਬਿਲਟੀ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਖਿਲਾਫ਼ ਅਪੀਲ ਕਰਦਿਆਂ ਸਿੰਘ ਨੇ ਦਲੀਲ ਦਿੱਤੀ ਕਿ ਭਾਰਤ ਵਿੱਚ ਉਸ ਦਾ ਕੋਈ ਪਰਿਵਾਰਕ ਸਹਾਰਾ ਨਹੀਂ ਹੈ ਅਤੇ ਕਲੰਕ ਕਾਰਨ ਉਸ ਨੂੰ ਨੌਕਰੀ ਜਾਂ ਰਹਿਣ ਲਈ ਛੱਤ ਨਹੀਂ ਮਿਲੇਗੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਸਥਾਨਕ ਗੈਂਗਸਟਰਾਂ ਵੱਲੋਂ ਭਾਰਤ ਰਹਿੰਦੇ ਉਸ ਦੇ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਇਸ ਲਈ ਉਸ ਦੀ ਜਾਨ ਨੂੰ ਖ਼ਤਰਾ ਹੈ।
ਟ੍ਰਿਬਿਊਨਲ ਨੇ ਖੋਲ੍ਹੀ ਝੂਠ ਦੀ ਪੋਲ
ਇਮੀਗ੍ਰੇਸ਼ਨ ਮਿਨਿਸਟਰ ਦੇ ਵਕੀਲਾਂ ਨੇ ਅਦਾਲਤ ਵਿੱਚ ਸਪੱਸ਼ਟ ਕੀਤਾ ਕਿ ਮੁਲਜ਼ਮ ਦੇ ਪਰਿਵਾਰਕ ਮੈਂਬਰ ਹਾਲੇ ਵੀ ਭਾਰਤ ਵਿੱਚ ਮੌਜੂਦ ਹਨ ਅਤੇ ਧਮਕੀਆਂ ਵਾਰਦਾਤ ਦੇ ਤੁਰੰਤ ਬਾਅਦ ਗੁੱਸੇ ਵਿੱਚ ਦਿੱਤੀਆਂ ਗਈਆਂ ਸਨ, ਜੋ ਸਮੇਂ ਦੇ ਨਾਲ ਖ਼ਤਮ ਹੋ ਚੁੱਕੀਆਂ ਹਨ। ਟ੍ਰਿਬਿਊਨਲ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਬੇਅੰਤ ਸਿੰਘ ਨੇ ਹਮਦਰਦੀ ਹਾਸਲ ਕਰਨ ਲਈ ਆਪਣੇ ਸਕੇ ਭੈਣ-ਭਰਾਵਾਂ ਦੀ ਜਾਣਕਾਰੀ ਛੁਪਾਈ, ਜੋ ਉਸ ਦੇ ਜੱਦੀ ਪਿੰਡ ਦੇ ਨੇੜੇ ਹੀ ਰਹਿੰਦੇ ਹਨ।
ਟ੍ਰਿਬਿਊਨਲ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ:
ਆਪਣੀ ਹੀ ਪਤਨੀ ਦਾ ਕਤਲ ਕਰਨ ਕਾਰਨ ਲੱਗਣ ਵਾਲਾ ਸਮਾਜਿਕ ਕਲੰਕ ਚਾਹੇ ਨਿਊਜ਼ੀਲੈਂਡ ਹੋਵੇ ਜਾਂ ਭਾਰਤ, ਦੋਵਾਂ ਥਾਵਾਂ ’ਤੇ ਬਰਾਬਰ ਰਹੇਗਾ। ਮੁਲਜ਼ਮ ਜਿਨ੍ਹਾਂ ਮੁਸ਼ਕਿਲਾਂ ਦਾ ਜ਼ਿਕਰ ਕਰ ਰਿਹਾ ਹੈ, ਉਹ ਉਸ ਦੇ ਆਪਣੇ ਘਿਨਾਉਣੇ ਗੁਨਾਹ ਦਾ ਨਤੀਜਾ ਹਨ, ਨਾ ਕਿ ਕੋਈ ਅਸਾਧਾਰਨ ਮਨੁੱਖੀ ਹਾਲਾਤ।
ਅਗਲੀ ਕਾਰਵਾਈ ਕੀ ਹੋਵੇਗੀ?
ਟ੍ਰਿਬਿਊਨਲ ਵੱਲੋਂ ਅਪੀਲ ਖਾਰਜ ਕੀਤੇ ਜਾਣ ਤੋਂ ਬਾਅਦ ਹੁਣ ਬੇਅੰਤ ਸਿੰਘ ਦੀ ਡਿਪੋਰਟੇਸ਼ਨ ਤੈਅ ਹੋ ਚੁੱਕੀ ਹੈ। ਉਹ ਫਿਲਹਾਲ ਨਿਊਜ਼ੀਲੈਂਡ ਦੀ ਜੇਲ੍ਹ ਵਿੱਚ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਜਿਵੇਂ ਹੀ ਉਹ ਆਪਣੀ ਨਾਨ-ਪੈਰੋਲ ਮਿਆਦ ਪੂਰੀ ਕਰੇਗਾ ਅਤੇ ਪੈਰੋਲ ਬੋਰਡ ਵੱਲੋਂ ਉਸ ਦੀ ਰਿਹਾਈ ਦੇ ਹੁਕਮ ਹੋਣਗੇ, ਉਸ ਨੂੰ ਜੇਲ੍ਹ ਤੋਂ ਸਿੱਧਾ ਹਿਰਾਸਤ ਵਿੱਚ ਲੈ ਕੇ ਪਹਿਲੀ ਉਪਲਬਧ ਫਲਾਈਟ ਰਾਹੀਂ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।
- Download Babushahi App
-
-