ਗ੍ਰਾਮ ਪੰਚਾਇਤ ਤੇ ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਤਰਫੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਗੁਰਮਤਿ ਦੀ ਸਿੱਖਿਆ
ਅਸ਼ੋਕ ਵਰਮਾ
ਰਾਮਪੁਰਾ ਫੂਲ, 20 ਜੁਲਾਈ 2025 : ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੇ ਮਕਸਦ ਨਾਲ ਤਰਨਜੋਤ ਵੈਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ ਬੱਲ੍ਹੋ ਤਰਫੋਂ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਯੂਥ ਲਾਇਬਰੇਰੀ ਵਿੱਚ ਲਗਾਈਆਂ ਜਾ ਰਹੀਆਂ ਹਨ | ਤਰਨਜੋਤ ਵੈਲਫੇਅਰ ਸੁਸਾਇਟੀ ਦੇ ਮੁੱਖ ਬਲਾਰੇ ਅਤੇ ਗੁਰਮਤਿ ਦੀ ਵਿੱਦਿਆ ਦੇਣ ਵਾਲੇ ਬਾਬਾ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਗੁਰਮਤਿ ਸਮਾਜ ਦੀ ਮੁੱਖ ਲੋੜ ਹੈ ਜੇਕਰ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਾਂਗੇ ਤਾਂ ਬੱਚੇ ਗਲਤ ਸੰਗਤ ਤੇ ਨਸ਼ਿਆਂ ਵਰਗੀਆਂ ਭੈੜੀਆਂ ਲਾਅਨਤਾਂ ਤੇ ਦੂਰ ਰਹਿਣਗੇ | ਗੁਰਮਤਿ ਨਾਲ ਸਮਾਜ ਨੂੰ ਜਿੰਦਗੀ ਜਿਉਣ ਦੀ ਸੇਧ ਮਿਲਦੀ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਨੇ ਚੰਗਾ ਉਪਰਾਲਾ ਕਰਦਿਆਂ ਚੰਗੇ ਕਾਰਜ ਦੀ ਪਿਛਲੇ ਇੱਕ ਸਾਲ ਮੁਹਿੰਮ ਛੇੜੀ ਹੋਈ ਹੈ |ਉਨ੍ਹਾਂ ਕਿਹਾ ਕਿ ਗੁਰਮਤਿ ਦੀਆਂ ਕਲਾਸਾਂ ਵਿੱਚ ਲੜਕੀਆਂ ਵੀ ਭਾਗ ਲੈਦੀਆਂ ਹਨ |
ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਤੇ ਸਰਪੰਚ ਅਮਰਜੀਤ ਕੌਰ ਨੇ ਦੱਸਿਆਂ ਕਿ ਬੱਚਿਆਂ ਦੇ ਟੈਸਟ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਇਸ ਤੋ ਇਲਾਵਾ ਗੱਤਕਾ, ਲੰਬੇ ਕੇਸ ਮੁਕਾਬਲਾ ਅਤੇ ਸੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਪ੍ਰੋਜੈਕਟਰ ਰਾਹੀ ਬੱਚਿਆਂ ਨੂੰ ਧਾਰਮਿਕ ਤੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆ ਫਿਲਮਾਂ ਦਿਖਾਈਆਂ ਜਾਦੀਆਂ ਹਨ | ਇਸ ਤੋਂ ਇਲਾਵਾ ਸਕੂਲਾਂ ਵਿੱਚ ਵੀ ਗੁਰਮਤਿ ਦੇ ਸਬੰਧ ਵਿੱਚ ਲੈਕਚਰ ਦਿੱਤੇ ਜਾਂਦਾ ਹੈ | ਇਹ ਸਾਰੇ ਕਾਰਜਾਂ ਦਾ ਬੀੜਾ ਤਰਨਜੋਤ ਵੈਲਫੇਅਰ ਸੁਸਾਇਟੀ ਨੇ ਚੁੱਕਿਆ ਹੋਇਆ ਹੈ | ਸੁਸਾਇਟੀ ਦੇ ਸਰਪ੍ਰਸਤ ਤੇ ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਤੇ ਵਿੱਦਿਆ ਦੇਣ ਨਾਲ ਹੀ ਸਮਾਜ ਵਿੱਚ ਸੁਧਾਰ ਆਵੇਗਾ ਅਤੇ ਚੰਗੇ ਇਨਸਾਨ ਬਨਣ ਤੇ ਚੰਗਾ ਜੀਵਨ ਬਤੀਤ ਕਰਨ ਦੀ ਜਾਂਚ ਆਵੇਗੀ | ਗੁਰਮਤਿ ਨਾਲ ਜੁੜਨਾਂ ਸਮੇਂ ਦੀ ਲੋੜ ਹੈ |