ਕੇਂਦਰੀ ਯੂਨੀਵਰਸਿਟੀ ਵਿਖੇ ਵਾਤਾਵਰਣ ਅਨੁਕੂਲ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ’ਤੇ ਕੌਮੀ ਕਾਨਫਰੰਸ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 15 ਮਈ 2026 : ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਭੂਗੋਲ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ਆਈਆਈਪੀਜੀ ਅਤੇ ਆਰਐਮਪੀ ਦੇ ਸਹਿਯੋਗ ਨਾਲ “ਵਾਤਾਵਰਣ ਅਨੁਕੂਲ ਫਸਲੀ ਰਹਿੰਦ-ਖੂੰਹਦ ਪ੍ਰਬੰਧਨ: ਪ੍ਰਭਾਵ, ਚੁਣੌਤੀਆਂ ਅਤੇ ਸਥਿਰਤਾ ਵੱਲ ਰਾਹ” ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਨੀਤੀ ਨਿਰਧਾਰਕਾਂ, ਵਿਦਵਾਨਾਂ, ਖੇਤੀਬਾੜੀ ਮਾਹਿਰਾਂ ਅਤੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਅਤੇ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਅਤੇ ਧਾਨ ਦੀ ਖੇਤੀ ਦੇ ਵਿਕਲਪਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਕਾਨਫਰੰਸ ਦਾ ਮੁੱਖ ਉਦੇਸ਼ ਪਰਾਲੀ ਸਾੜਨ ਨਾਲ ਪੈਦਾ ਹੋ ਰਹੀਆਂ ਵਾਤਾਵਰਣਕ ਅਤੇ ਸਮਾਜਿਕ-ਆਰਥਿਕ ਸਮੱਸਿਆਵਾਂ ਦੇ ਹੱਲ ਖੋਜਣਾ ਅਤੇ ਟਿਕਾਊ ਤੇ ਪਰਯਾਵਰਣ-ਅਨੁਕੂਲ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨਾ ਸੀ।
ਕਾਨਫਰੰਸ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਆਰਐਮਪੀ ਦੇ ਉਪ ਪ੍ਰਧਾਨ ਡਾ. ਵਿਨੈ ਸਹਸ੍ਰਬੁੱਧੇ, ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ, ਪਦਮ ਸ਼੍ਰੀ ਸਨਮਾਨਿਤ ਪ੍ਰਗਤੀਸ਼ੀਲ ਕਿਸਾਨ ਸ੍ਰੀ ਕਨਵਲ ਸਿੰਘ ਚੌਹਾਨ, ਮਹਾਰਾਸ਼ਟਰ ਸਰਕਾਰ ਦੇ ਰਾਜ ਖੇਤੀਬਾੜੀ ਮੁੱਲ ਆਯੋਗ ਦੇ ਚੇਅਰਮੈਨ ਸ੍ਰੀ ਪਾਸ਼ਾ ਪਟੇਲ, ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਭੂਪਿੰਦਰ ਸਿੰਘ ਮਾਨ, ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ, ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਵਿਜੈ ਸ਼ਰਮਾ, ਡਾ. ਮਨੀਸ਼, ਪ੍ਰੋ. ਰਾਜਨ ਭੰਡਾਰੀ ਅਤੇ ਡਾ. ਭਾਰਤੀ ਸਮੇਤ ਕਈ ਵਿਸ਼ੇਸ਼ ਮਹਿਮਾਨ ਹਾਜ਼ਰ ਰਹੇ।
ਡਾ. ਵਿਨੈ ਸਹਸ੍ਰਬੁੱਧੇ ਨੇ ਆਪਣੇ ਸੰਬੋਧਨ ਦੌਰਾਨ ਵਾਤਾਵਰਣ ਅਨੁਕੂਲ ਖੇਤੀ ਲਈ ਨੀਤੀ ਅਧਾਰਿਤ ਅਤੇ ਸਮੁਦਾਇਕ ਸੋਚ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਨੂੰ ਪਿੰਡਾਂ ਦੇ ਵਿਕਾਸ, ਵਾਤਾਵਰਣ ਸੁਰੱਖਿਆ ਅਤੇ ਕਿਸਾਨ ਭਲਾਈ ਨਾਲ ਜੋੜਨਾ ਲਾਜ਼ਮੀ ਹੈ। ਸ੍ਰੀ ਪਾਸ਼ਾ ਪਟੇਲ ਨੇ ਫਸਲਾਂ ਵਿੱਚ ਵੱਖਰਾਪਣ ਅਤੇ ਪਰਯਾਵਰਣ-ਅਨੁਕੂਲ ਖੇਤੀ ਪ੍ਰਣਾਲੀਆਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋ. (ਡਾ.) ਆਦਰਸ਼ ਪਾਲ ਵਿਗ ਨੇ ਉੱਤਰੀ ਭਾਰਤ ਵਿੱਚ ਪਰਾਲੀ ਸਾੜਨ ਕਾਰਨ ਵਾਤਾਵਰਣ ਅਤੇ ਲੋਕ ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਪਦਮ ਸ਼੍ਰੀ ਸਨਮਾਨਿਤ ਸ੍ਰੀ ਕਨਵਲ ਸਿੰਘ ਚੌਹਾਨ ਨੇ ਖੇਤਾਂ ਵਿੱਚ ਹੀ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕਿਸਾਨ ਅਧਾਰਿਤ ਨਵੀਆਂ ਤਕਨੀਕਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ।
ਕਾਨਫਰੰਸ ਦੌਰਾਨ ਤਿੰਨ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਪਰਾਲੀ ਸਾੜਨ ਦੇ ਰੁਝਾਨ ਅਤੇ ਵਾਤਾਵਰਣਕ ਪ੍ਰਭਾਵ, ਨੀਤੀਆਂ ਅਤੇ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ, ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਨਵੀਂ ਤਕਨੀਕਾਂ ਅਤੇ ਟਿਕਾਊ ਖੇਤੀ ਲਈ ਨੀਤੀਗਤ ਰਾਹਾਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ’ਤੇ ਖੇਤੀ ਵਿਰਾਸਤ ਮਿਸ਼ਨ ਪੰਜਾਬ ਵੱਲੋਂ ਧਾਨ ਦੀ ਖੇਤੀ ਦੇ ਵਿਕਲਪਾਂ ਅਤੇ ਫਸਲੀ ਰਹਿੰਦ-ਖੂੰਹਦ ਦੇ ਨਵੇਂ ਉਪਯੋਗਾਂ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।
ਇਸ ਮੌਕੇ ਡਾ. ਵਿਜੈ ਸ਼ਰਮਾ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਨਫਰੰਸ ਕੋਆਰਡੀਨੇਟਰ ਪ੍ਰੋ. ਰਾਜਨ ਭੰਡਾਰੀ ਨੇ ਵਿਦਿਆਰਥੀਆਂ ਅਤੇ ਬਠਿੰਡਾ ਜ਼ਿਲ੍ਹੇ ਦੇ ਨਿਵਾਸੀਆਂ ਸਮੇਤ ਸਾਰੇ ਭਾਗੀਦਾਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਕਾਨਫਰੰਸ ਦਾ ਸਮਾਪਨ ਕਿਸਾਨਾਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਨੀਤੀਗਤ ਸੁਝਾਵਾਂ ’ਤੇ ਵਿਚਾਰ-ਵਟਾਂਦਰੇ ਨਾਲ ਹੋਇਆ। ਇਸ ਕਾਨਫਰੰਸ ਵਿੱਚ ਪੰਜਾਬ ਅਤੇ ਪੜੋਸੀ ਰਾਜਾਂ ਤੋਂ 316 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।
- Download Babushahi App
-
-