ਕਲਾਕਾਰ ਬੀਐਨ ਸ਼ਰਮਾ ਖ਼ਿਲਾਫ਼ ਵਾਲਮੀਕੀ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਸੌਂਪੀ ਗਈ ਸ਼ਿਕਾਇਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ 23 ਮਈ
ਵਾਲਮੀਕੀ ਭਾਈਚਾਰੇ ਦੇ ਆਗੂਆਂ ਨੇ ਪੰਜਾਬੀ ਫ਼ਿਲਮ ਅਦਾਕਾਰ ਬੀ ਐਨ ਸ਼ਰਮਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਇੱਕ ਸ਼ਿਕਾਇਤ ਪੱਤਰ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਲਮੀਕੀ ਭਾਈਚਾਰੇ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਇੱਕ ਨਿੱਜੀ ਬਲੌਗ/ਵੀਡੀਓ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੀ ਛਵੀ ਅਤੇ ਵਾਲਮੀਕੀ ਸਮਾਜ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦੇ ਚੇਅਰਮੈਨ ਕੁਮਾਰ ਦਰਸ਼ਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਬੀਐਨ ਸ਼ਰਮਾ ਨਾਲ ਗੱਲਬਾਤ ਵੀ ਕੀਤੀ ਗਈ ਸੀ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਘਟਨਾ ਕਿਸੇ ਅਣਜਾਣੀ ਗਲਤੀ ਦੀ ਬਜਾਏ ਸੋਚੀ-ਸਮਝੀ ਯੋਜਨਾ ਤਹਿਤ ਵਾਪਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵੀਡੀਓ ਜਾਂ ਫ਼ਿਲਮੀ ਸਮੱਗਰੀ ਨੂੰ ਤਿਆਰ ਕਰਨ ਤੋਂ ਪਹਿਲਾਂ ਸਕ੍ਰਿਪਟ ਲਿਖੀ ਜਾਂਦੀ ਹੈ, ਇਸ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਜਾਣ-ਬੁੱਝ ਕੇ ਕੀਤੀ ਗਈ ਲੱਗਦੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਵੀਡੀਓ ਵਿੱਚ ਇੱਕ ਸੰਵਾਦ ਦੌਰਾਨ ਵਾਲਮੀਕੀ ਪਰਿਵਾਰ ਦਾ ਨਾਂ ਨਕਾਰਾਤਮਕ ਸੰਦਰਭ ਵਿੱਚ ਵਰਤਿਆ ਗਿਆ, ਜਿਸ ਨਾਲ ਸਮਾਜ ਦੇ ਲੋਕਾਂ ਵਿੱਚ ਗੁੱਸਾ ਅਤੇ ਰੋਸ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕੀ ਮਹਾਰਾਜ ਸ੍ਰਿਸ਼ਟੀ ਦੇ ਮਹਾਨ ਰਿਸ਼ੀ ਅਤੇ ਰਾਮਾਇਣ ਦੇ ਰਚਨਹਾਰ ਹਨ, ਇਸ ਲਈ ਉਨ੍ਹਾਂ ਜਾਂ ਉਨ੍ਹਾਂ ਦੇ ਅਨੁਯਾਇਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਵਾਲਮੀਕੀ ਆਗੂਆਂ ਨੇ ਕਿਹਾ ਕਿ ਸਿਰਫ਼ ਵੀਡੀਓ ਹਟਾਉਣ ਜਾਂ ਮਾਫ਼ੀ ਮੰਗਣ ਨਾਲ ਮਾਮਲਾ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਕਿਸੇ ਧਰਮ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕੇ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਨਾਲ ਆਡੀਓ-ਵੀਡੀਓ ਸਬੂਤ ਵੀ ਪੁਲਿਸ ਨੂੰ ਮੁਹੱਈਆ ਕਰਵਾਏ ਗਏ ਹਨ। ਆਗੂਆਂ ਮੁਤਾਬਕ ਪੁਲਿਸ ਕਮਿਸ਼ਨਰ ਵੱਲੋਂ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਵਾਲਮੀਕੀ ਭਾਈਚਾਰੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਉਹ ਅਗਲੇ ਪੜਾਅ ਵਿੱਚ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਣਗੇ।
- Download Babushahi App
-
-