ਐਫਸੀਆਈ ਦਫਤਰ ਦੇ ਬਾਹਰ ਰਾਈਸ ਮਿਲਰਜ਼ ਵੱਲੋਂ ਰੋਸ ਪ੍ਰਦਰਸ਼ਨ, ਵੱਡੀ ਗਿਣਤੀ ਵਿੱਚ ਮਿਲਰ ਸਨ ਹਾਜ਼ਰ
ਦੀਪਕ ਜੈਨ, ਜਗਰਾਉਂ
ਅੱਜ ਸਥਾਨਕ ਐਫਸੀਆਈ ਦਫਤਰ ਸ਼ੇਰਪੁਰਾ ਰੋਡ ਦੇ ਬਾਹਰ ਜਗਰਾਉਂ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਕਰ ਗੁਪਤਾ ਦੀ ਅਗਵਾਈ ਹੇਠ ਰਾਈਸ ਮਿਲ ਮਾਲਕਾਂ ਵੱਲੋਂ ਵੱਡੇ ਪੱਧਰ ਤੇ ਰੋਸ ਮੁਜਾਹਰਾ ਕਰਦੇ ਹੋਏ ਸਰਕਾਰ ਅਤੇ ਅਫਸਰਸ਼ਾਹੀ ਦੇ ਖਿਲਾਫ ਇਹ ਦੋਸ਼ ਲਗਾਉਂਦਿਆਂ ਹੋਇਆਂ ਮੰਗ ਕੀਤੀ ਗਈ ਕਿ ਜਗਰਾਉਂ ਹਲਕੇ ਨੂੰ ਬਾਕੀ ਹਲਕਿਆਂ ਵਾਂਗੂੰ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਇਸ ਮੌਕੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਮਿਲਰ ਐਸੋਸੀਏਸ਼ਨ ਦੇ ਪ੍ਰਧਾਨ ਅੰਕੁਰ ਗੁਪਤਾ ਨੇ ਕਿਹਾ ਕਿ ਸਰਕਾਰ ਦੀ ਨੀਤੀ ਮੁਤਾਬਕ ਪੂਰੇ ਸੂਬੇ ਅਤੇ ਜ਼ਿਲ੍ਹੇ ਦੇ ਅੰਦਰ 42% ਤੱਕ ਸਟੋਰੇਜ ਦੀ ਸਮਰੱਥਾ ਰੱਖੀ ਗਈ ਹੈ ਜਦ ਕਿ ਜਗਰਾਉਂ ਹਲਕੇ ਨੂੰ ਵਿਤਕਰਾ ਕਰਦੇ ਹੋਏ 30 ਤੋਂ 32% ਹੀ ਸਮਰੱਥਾ ਦੀ ਮਨਜ਼ੂਰੀ ਦਿੱਤੀ ਗਈ ਹੈ। ਜੋ ਕਿ ਜਗਰਾਉਂ ਇਲਾਕੇ ਦੇ ਰਾਈਸ ਮਿਲਰ ਮਾਲਕਾਂ ਨਾਲ ਸਰੇਆਮ ਸਰਕਾਰ ਦਾ ਧੋਖਾ ਹੈ.ਇਸ ਤਰ੍ਹਾਂ ਦੀ ਨਾਇਨਸਾਫੀ ਕਾਰਨ ਸਾਡਾ ਸੈਂਟਰ ਆਰਥਿਕ ਤੌਰ 'ਤੇ ਵੀ ਭਾਰੀ ਨੁਕਸਾਨ ਝੱਲ ਰਿਹਾ ਹੈ। ਮੌਜੂਦਾ ਹਾਲਾਤਾਂ ਵਿੱਚ ਸਾਡੇ ਲਈ ਕੰਮ ਜਾਰੀ ਰੱਖਣਾ ਅਤੇ ਟਿਕੇ ਰਹਿਣਾ ਲਗਭਗ ਅਸੰਭਵ ਬਣ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਜਗਰਾਓ ਜੋ ਕਿ ਸੂਬੇ ਦੇ ਸਭ ਤੋਂ ਵੱਡੇ ਸੈਂਟਰਾਂ ਵਿੱਚੋਂ ਇੱਕ ਹੈ, ਉਸ ਨਾਲ ਇਸ ਤਰ੍ਹਾਂ ਦੀ ਵਰਤੋਂ ਬਿਲਕੁਲ ਅਸਵੀਕਾਰਯੋਗ ਹੈ। ਇਹ ਸਪਸ਼ਟ ਕਰਦਾ ਹੈ ਕਿ ਕਿਸੇ ਅਣਜਾਣ ਕਾਰਨ ਕਰਕੇ ਇਸ ਮੈਂਟਰ ਨੂੰ ਜ਼ਬਰਦਸਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜਿਸਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਇਸ ਮੌਕੇ ਮਿਲਰ ਐਸੋਸੀਏਸ਼ਨ ਨੇ ਇੱਕ ਮੱਤ ਹੋ ਕੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੁਰੰਤ ਸਪੇਸ ਅਤੇ ਮੁਵਮੈਂਟ ਨੀਤੀਆਂ ਦੀ ਸਮੀਖਿਆ ਕੀਤੀ ਜਾਵੇ, ਸਾਰੇ ਸੈਂਟਰਾਂ ਨਾਲ ਬਰਾਬਰੀ ਦਾ ਵਿਵਹਾਰ ਯਕੀਨੀ ਬਣਾਇਆ ਜਾਵੇ ਅਤੇ ਜਗਰਾਓ ਨਾਲ ਹੋ ਰਹੀ ਨਾਇਨਸਾਫ਼ੀ ਨੂੰ ਫੌਰੀ ਤੌਰ 'ਤੇ ਖਤਮ ਕੀਤਾ ਜਾਵੇ।
ਦੂਜੇ ਧੜੇ ਨੇ ਨਹੀਂ ਕੀਤੀ ਹਿਮਾਇਤ
ਰਾਈਸ ਮਿਲਰ ਐਸੋਸੀਏਸ਼ਨ ਦੇ ਜਗਰਾਉਂ ਇਲਾਕੇ ਵਿੱਚ ਦੋ ਧੜੇ ਹਨ ਜਿਸ ਦੇ ਇੱਕ ਧੜੇ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਡੱਟ ਕੇ ਵਿਰੋਧ ਕੀਤਾ ਪ੍ਰੰਤੂ ਦੂਸਰਾ ਧੜਾ ਜਿਸ ਦੇ ਪ੍ਰਧਾਨ ਹਰੀਓਮ ਮਿੱਤਲ ਹਨ, ਉਸ ਧੜੇ ਵੱਲੋਂ ਅੱਜ ਦੇ ਰੋਸ ਧਰਨੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਗਈ ਅਤੇ ਉਸ ਧੜੇ ਦਾ ਕੋਈ ਵੀ ਵਰਕਰ ਰੋਸ ਪ੍ਰਦਰਸ਼ਨ ਕਰਨ ਲਈ ਨਹੀਂ ਪਹੁੰਚਿਆ। ਜਿਸ ਦਾ ਫਾਇਦਾ ਪੂਰੀ ਤਰ੍ਹਾਂ ਅਫਸਰ ਸ਼ਾਹੀ ਨੂੰ ਹੀ ਪਹੁੰਚ ਰਿਹਾ ਹੈ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਜੇਕਰ ਦੋਹੇ ਧੜੇ ਮਿਲ ਕੇ ਸੰਘਰਸ਼ ਕਰਨ ਤਾਂ ਸਰਕਾਰ ਮਸਲੇ ਦਾ ਛੇਤੀ ਹੱਲ ਕਰ ਸਕਦੀ ਹੈ।
Click to Follow Babushahi Facebook page →