ਆ ਰਿਹੈ ਅੰਤਰਰਾਸ਼ਟਰੀ ਮਹਿਲਾ ਦਿਵਸ-08 ਮਾਰਚ
‘ਸੋ ਕਿਉ ਮੰਦਾ ਆਖੀਐ’ ਦੇ ਫਲਸਫੇ ਤੋਂ ਸੱਤ ਸਮੁੰਦਰੋਂ ਪਾਰ ਤੱਕ
ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਅਜੋਕੇ ਯੁੱਗ ਦੀਆਂ ਮਾਣਮੱਤੀਆਂ ਪ੍ਰਾਪਤੀਆਂ
-ਹਮਿਲਟਨ ਵਿਖੇ ਵਿਸ਼ੇਸ਼ ਸਮਾਗਮ 8 ਮਾਰਚ ਨੂੰ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਮਾਰਚ 2026:-ਅੰਤਰਰਾਸ਼ਟਰੀ ਮਹਿਲਾ ਦਿਵਸ ਕੇਵਲ ਇੱਕ ਦਿਨ ਨਹੀਂ, ਸਗੋਂ ਔਰਤਾਂ ਦੇ ਸੰਘਰਸ਼, ਸਫਲਤਾ ਅਤੇ ਸਮਾਜ ਵਿੱਚ ਉਹਨਾਂ ਦੇ ਵਡਮੁੱਲੇ ਯੋਗਦਾਨ ਨੂੰ ਸਿਜਦਾ ਕਰਨ ਦਾ ਮੌਕਾ ਹੈ। ‘ਜਨਨੀ’ ਤੋਂ ‘ਜੇਤੂ’ ਤੱਕ ਦਾ ਇਹ ਸਫਰ ਬੇਹੱਦ ਪ੍ਰੇਰਨਾਦਾਇਕ ਹੈ। ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਲਗਭਗ 556 ਸਾਲ ਪਹਿਲਾਂ ਉਸ ਸਮੇਂ ਔਰਤਾਂ ਦੇ ਹੱਕ ਵਿੱਚ ਆਵਾਜ਼ ਉਠਾਈ ਸੀ, ਜਦੋਂ ਸਮਾਜ ਵਿੱਚ ਉਹਨਾਂ ਦੀ ਸਥਿਤੀ ਬਹੁਤ ਨਿਮਣ ਸੀ। ਉਹਨਾਂ ਨੇ ਔਰਤ ਨੂੰ ਮਰਦ ਦੇ ਬਰਾਬਰ ਹੀ ਨਹੀਂ, ਸਗੋਂ ਸਤਿਕਾਰਯੋਗ ਸਥਾਨ ਦਿੱਤਾ।
ਗੁਰੂ ਸਾਹਿਬ ਦਾ ਸਭ ਤੋਂ ਪ੍ਰਸਿੱਧ ਕਥਨ ‘ਆਸਾ ਦੀ ਵਾਰ’ ਵਿੱਚ ਦਰਜ ਹੈ:
‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’
ਇਸਦਾ ਭਾਵ ਹੈ: ਉਸ ਔਰਤ ਨੂੰ ਮੰਦਾ (ਬੁਰਾ) ਕਿਉਂ ਕਿਹਾ ਜਾਵੇ, ਜੋ ਰਾਜਿਆਂ-ਮਹਾਰਾਜਿਆਂ ਅਤੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ?
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਮੁੱਖ ਨੁਕਤੇ ਇਹ ਹਨ:
ਬਰਾਬਰੀ ਦਾ ਦਰਜਾ: ਗੁਰੂ ਜੀ ਨੇ ਸਪੱਸ਼ਟ ਕੀਤਾ ਕਿ ਅਧਿਆਤਮਿਕ ਰਸਤੇ ’ਤੇ ਚੱਲਣ ਲਈ ਔਰਤਾਂ ਅਤੇ ਮਰਦਾਂ ਵਿੱਚ ਕੋਈ ਫਰਕ ਨਹੀਂ ਹੈ। ਔਰਤਾਂ ਨੂੰ ਵੀ ਉਹੀ ਮੁਕਤੀ ਅਤੇ ਰੱਬੀ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਹੈ ਜੋ ਮਰਦਾਂ ਨੂੰ ਹੈ।
ਸਮਾਜਿਕ ਹੋਂਦ ਦੀ ਬੁਨਿਆਦ: ਗੁਰੂ ਜੀ ਅਨੁਸਾਰ ਔਰਤ ਤੋਂ ਬਿਨਾਂ ਸੰਸਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਫੁਰਮਾਇਆ ਕਿ ਮਰਦ ਦਾ ਜਨਮ ਔਰਤ ਤੋਂ ਹੁੰਦਾ ਹੈ, ਉਹ ਔਰਤ ਨਾਲ ਹੀ ਵਿਆਹਿਆ ਜਾਂਦਾ ਹੈ ਅਤੇ ਔਰਤ ਰਾਹੀਂ ਹੀ ਸੰਸਾਰ ਦੇ ਸਾਰੇ ਰਿਸ਼ਤੇ ਚੱਲਦੇ ਹਨ।
ਰੀਤਾਂ-ਰਿਵਾਜਾਂ ਦਾ ਖੰਡਨ: ਉਸ ਸਮੇਂ ਔਰਤਾਂ ਨਾਲ ਜੁੜੇ ਕਈ ਭਰਮ-ਭੁਲੇਖੇ ਅਤੇ ਵਿਤਕਰੇ (ਜਿਵੇਂ ਕਿ ਸੂਤਕ ਦੇ ਭਰਮ) ਪ੍ਰਚਲਿਤ ਸਨ। ਗੁਰੂ ਜੀ ਨੇ ਇਨ੍ਹਾਂ ਸਭ ਦਾ ਤਰਕ ਨਾਲ ਖੰਡਨ ਕੀਤਾ ਅਤੇ ਔਰਤ ਨੂੰ ਪਵਿੱਤਰ ਮੰਨਿਆ।
ਸਤਿਕਾਰ ਦੀ ਮੂਰਤ: ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਸਿਰਫ ਇੱਕ ਪਰਿਵਾਰਕ ਮੈਂਬਰ ਵਜੋਂ ਨਹੀਂ, ਬਲਕਿ ਸਮਾਜ ਦੇ ਨਿਰਮਾਤਾ ਵਜੋਂ ਸਨਮਾਨਿਤ ਕੀਤਾ।
ਸਿੱਖ ਇਤਿਹਾਸ ਦੀਆਂ ਮਹਾਨ ਨਾਰੀਆਂ: ਪ੍ਰੇਰਨਾ ਦਾ ਸੋਮਾ
ਸਿੱਖ ਧਰਮ ਵਿੱਚ ਔਰਤ ਨੂੰ ਬਰਾਬਰਤਾ ਦਾ ਦਰਜਾ ਗੁਰੂ ਸਾਹਿਬਾਨ ਨੇ ਪਹਿਲੇ ਦਿਨ ਤੋਂ ਹੀ ਦਿੱਤਾ ਸੀ।
ਮਾਤਾ ਗੁਜਰੀ ਜੀ: ਜਿਨ੍ਹਾਂ ਨੇ ਸ਼ਹਾਦਤ ਅਤੇ ਧੀਰਜ ਦੀ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਦਾ ਕੋਈ ਸਾਨੀ ਨਹੀਂ।
ਮਾਈ ਭਾਗੋ ਜੀ: ਉਹਨਾਂ ਨੇ ਮੈਦਾਨ-ਏ-ਜੰਗ ਵਿੱਚ ਸਿੱਖਾਂ ਦੀ ਅਗਵਾਈ ਕੀਤੀ ਅਤੇ ਦਿਖਾਇਆ ਕਿ ਲੋੜ ਪੈਣ ’ਤੇ ਔਰਤ ਤਲਵਾਰ ਫੜ ਕੇ ਜਬਰ ਦਾ ਟਾਕਰਾ ਕਰ ਸਕਦੀ ਹੈ।
ਕੁਦਰਤ ਦੀ ਸ਼ਾਨ, ਔਰਤ ਦੀ ਪਛਾਣ (ਨਿਊਜ਼ੀਲੈਂਡ ਅਧਿਆਇ)
ਨਿਊਜ਼ੀਲੈਂਡ ਨੇ ਦੁਨੀਆ ਨੂੰ ਦਿਖਾਇਆ ਕਿ ਔਰਤਾਂ ਦੀ ਆਵਾਜ਼ ਦੀ ਕੀਮਤ ਕੀ ਹੁੰਦੀ ਹੈ। ਇਹ ਦੇਸ਼ ਮਹਿਲਾ ਅਧਿਕਾਰਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।
ਵੋਟ ਪਾਉਣ ਦਾ ਅਧਿਕਾਰ (1893): ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣਿਆ ਜਿਸ ਨੇ ਔਰਤਾਂ ਨੂੰ ਵੋਟ ਪਾਉਣ ਦਾ ਬਰਾਬਰ ਅਧਿਕਾਰ ਦਿੱਤਾ। ਕੇਟ ਸ਼ੈਪਰਡ (Kate Sheppard) ਦੀ ਅਗਵਾਈ ਵਿੱਚ ਹੋਏ ਇਸ ਅੰਦੋਲਨ ਨੇ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਕੀਤੀ।
ਭਾਰਤ ਦੀ ਜਿੰਦ-ਜਾਨ, ਮਹਿਲਾਵਾਂ ਦਾ ਸਨਮਾਨ (ਭਾਰਤ ਅਧਿਆਇ)
ਭਾਰਤ ਵਿੱਚ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ, ਪਰ ਇੱਥੇ ਹੱਕਾਂ ਦੀ ਲੜਾਈ ਵੀ ਉਨੀ ਹੀ ਮਜ਼ਬੂਤ ਰਹੀ ਹੈ।
ਵੋਟ ਦਾ ਅਧਿਕਾਰ (1950): ਭਾਰਤ ਨੇ ਆਜ਼ਾਦੀ ਦੇ ਨਾਲ ਹੀ, ਯਾਨੀ ਸੰਵਿਧਾਨ ਲਾਗੂ ਹੁੰਦੇ ਹੀ (26 ਜਨਵਰੀ 1950), ਮਰਦਾਂ ਦੇ ਬਰਾਬਰ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ। ਪੱਛਮੀ ਦੇਸ਼ਾਂ ਦੇ ਮੁਕਾਬਲੇ, ਭਾਰਤ ਨੇ ਬਿਨਾਂ ਕਿਸੇ ਲੰਬੇ ਵਿਤਕਰੇ ਦੇ ਇਹ ਹੱਕ ਪ੍ਰਦਾਨ ਕੀਤਾ।
ਆਜ਼ਾਦੀ ਦੀ ਲੜਾਈ, ਨਾਰੀ ਨੇ ਸ਼ਾਨ ਵਧਾਈ: ਭਾਰਤ ਦੀ ਆਜ਼ਾਦੀ ਵਿੱਚ ਔਰਤਾਂ ਦਾ ਯੋਗਦਾਨ ਅਭੁੱਲ ਹੈ:
ਝਾਂਸੀ ਦੀ ਰਾਣੀ ਲਕਸ਼ਮੀਬਾਈ: 1857 ਦੀ ਕ੍ਰਾਂਤੀ ਦੀ ਪਹਿਲੀ ਚੰਗਿਆੜੀ।
ਸਰੋਜਨੀ ਨਾਇਡੂ: ‘ਭਾਰਤ ਦੀ ਕੋਇਲ’, ਜਿਨ੍ਹਾਂ ਨੇ ਸਿਆਸਤ ਅਤੇ ਸਾਹਿਤ ਦੋਵਾਂ ਵਿੱਚ ਆਪਣਾ ਲੋਹਾ ਮਨਵਾਇਆ।
ਅਰੁਣਾ ਆਸਿਫ਼ ਅਲੀ: ‘ਭਾਰਤ ਛੱਡੋ ਅੰਦੋਲਨ’ ਦੌਰਾਨ ਤਿਰੰਗਾ ਲਹਿਰਾਉਣ ਵਾਲੀ ਦਲੇਰ ਔਰਤ।
ਇਤਿਹਾਸ ਸਿਰਜਣ ਵਾਲੀਆਂ ਪਹਿਲੀਆਂ ਭਾਰਤੀ ਮਹਿਲਾਵਾਂ
ਭਾਰਤ ਦੀਆਂ ਧੀਆਂ ਨੇ ਹਰ ਖੇਤਰ ਵਿੱਚ ‘ਪਹਿਲੀ’ ਹੋਣ ਦਾ ਮਾਣ ਹਾਸਲ ਕੀਤਾ:
ਰਾਜਕੁਮਾਰੀ ਅੰਮ੍ਰਿਤ ਕੌਰ: ਭਾਰਤ ਦੀ ਪਹਿਲੀ ਮਹਿਲਾ ਸਿਹਤ ਮੰਤਰੀ ਰਾਜਕੁਮਾਰੀ ਅੰਮ੍ਰਿਤ ਕੌਰ ਸਨ। ਉਨ੍ਹਾਂ ਨੇ ਆਜ਼ਾਦ ਭਾਰਤ ਦੇ ਪਹਿਲੇ ਮੰਤਰੀ ਮੰਡਲ ਵਿੱਚ 1947 ਤੋਂ 1957 ਤੱਕ ਲਗਾਤਾਰ 10 ਸਾਲ ਸਿਹਤ ਮੰਤਰੀ ਵਜੋਂ ਸੇਵਾ ਨਿਭਾਈ। ਨਵੀਂ ਦਿੱਲੀ ਵਿੱਚ ਸਥਿਤ ਮਸ਼ਹੂਰ ਸੰਸਥਾ ‘ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ (199MS) ਦੀ ਸਥਾਪਨਾ ਪਿੱਛੇ ਉਨ੍ਹਾਂ ਦਾ ਸਭ ਤੋਂ ਵੱਡਾ ਹੱਥ ਸੀ। ਉਹ ਇਸ ਦੀ ਪਹਿਲੀ ਪ੍ਰਧਾਨ ਵੀ ਰਹੇ। ਉਹ ਕਪੂਰਥਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੇ ਸਨ, ਪਰ ਉਨ੍ਹਾਂ ਨੇ ਐਸ਼ੋ-ਆਰਾਮ ਤਿਆਗ ਕੇ ਦੇਸ਼ ਦੀ ਸੇਵਾ ਅਤੇ ਆਜ਼ਾਦੀ ਦੀ ਲੜਾਈ ਦਾ ਰਾਹ ਚੁਣਿਆ। ਉਹ 1950 ਵਿੱਚ ‘ਵਰਲਡ ਹੈਲਥ ਅਸੈਂਬਲੀ’ ਦੀ ਪ੍ਰਧਾਨ ਚੁਣੀ ਜਾਣ ਵਾਲੀ ਪਹਿਲੀ ਔਰਤ ਅਤੇ ਪਹਿਲੀ ਏਸ਼ੀਆਈ ਸ਼ਖਸੀਅਤ ਸਨ।
ਮਾਤਾ ਸਾਵਿਤਰੀਬਾਈ ਫੂਲੇ: ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਮਾਤਾ ਸਾਵਿਤਰੀਬਾਈ ਫੂਲੇ (Savitribai Phule) ਸਨ। ਉਨ੍ਹਾਂ ਨੇ 1848 ਵਿੱਚ ਪੁਣੇ (ਮਹਾਰਾਸ਼ਟਰ) ਵਿੱਚ ਕੁੜੀਆਂ ਲਈ ਪਹਿਲਾ ਸਕੂਲ ਖੋਲ੍ਹਿਆ ਅਤੇ ਉੱਥੇ ਪੜ੍ਹਾਉਣਾ ਸ਼ੁਰੂ ਕੀਤਾ।
ਇੰਦਰਾ ਗਾਂਧੀ: ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ। ਇੰਦਰਾ ਗਾਂਧੀ ਚਾਰ ਵਾਰ (1966 – 1967, 1967 – 1971,1971 – 1977 1980 – 1984 ਭਾਰਤ ਦੀ ਪ੍ਰਧਾਨ ਮੰਤਰੀ ਬਣੀ ਸੀ। ਉਹ ਭਾਰਤ ਦੀ ਪਹਿਲੀ ਅਤੇ ਹੁਣ ਤੱਕ ਦੀ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਸੀ। ਉਨ੍ਹਾਂ ਦਾ ਕੁੱਲ ਕਾਰਜਕਾਲ ਲਗਭਗ 15 ਸਾਲ ਅਤੇ 350 ਦਿਨਾਂ ਦਾ ਸੀ। ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਭਾਰਤ ਦੀ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਦੂਜੀ ਪ੍ਰਧਾਨ ਮੰਤਰੀ ਸੀ।
ਕਿਰਨ ਬੇਦੀ: ਕਿਰਨ ਬੇਦੀ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋਣ ਵਾਲੀ ਭਾਰਤ ਦੀ ਪਹਿਲੀ ਆਈ. ਪੀ. ਐਸ. ਮਹਿਲਾ ਸੀ। ਉਨ੍ਹਾਂ ਨੇ 1972 ਵਿੱਚ ਪੁਲਿਸ ਸੇਵਾ ਜੁਆਇਨ ਕੀਤੀ ਸੀ। ਉਨ੍ਹਾਂ ਦਾ ਜਨਮ 9 ਜੂਨ 1949 ਨੂੰ ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ।
ਕਲਪਨਾ ਚਾਵਲਾ: ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ। ਕਲਪਨਾ ਚਾਵਲਾ ਇੱਕ ਅਜਿਹਾ ਨਾਮ ਹੈ ਜੋ ਹਰ ਭਾਰਤੀ ਅਤੇ ਖਾਸ ਕਰਕੇ ਹਰ ਔਰਤ ਲਈ ਮਾਣ ਦਾ ਪ੍ਰਤੀਕ ਹੈ। ਉਹ ਪੁਲਾੜ (Space) ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੀ। ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜ੍ਹਾਈ ਕਰਨਾਲ ਤੋਂ ਕੀਤੀ ਅਤੇ ਫਿਰ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ (PEC) ਤੋਂ ਐਰੋਨੌਟਿਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। 1982 ਵਿੱਚ ਉਹ ਅਮਰੀਕਾ ਚਲੀ ਗਈ, ਜਿੱਥੇ ਉਨ੍ਹਾਂ ਨੇ ਮਾਸਟਰਜ਼ ਅਤੇ ਫਿਰ ਏਰੋਸਪੇਸ ਇੰਜੀਨੀਅਰਿੰਗ ਵਿੱਚ ਪੀ. ਐਚ. ਡੀ. ਕੀਤੀ। ਕਲਪਨਾ ਚਾਵਲਾ 1994 ਵਿੱਚ NASA (ਅਮਰੀਕੀ ਪੁਲਾੜ ਏਜੰਸੀ) ਵਿੱਚ ਪੁਲਾੜ ਯਾਤਰੀ (Astronaut) ਵਜੋਂ ਚੁਣੀ ਗਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਪੁਲਾੜ ਯਾਤਰਾ ‘ਸਪੇਸ ਸ਼ਟਲ ਕੋਲੰਬੀਆ’ (STS-HG) ਰਾਹੀਂ ਕੀਤੀ। ਇਸ ਨਾਲ ਉਹ ਪੁਲਾੜ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣ ਗਈ। 16 ਜਨਵਰੀ 2003 ਨੂੰ ਕਲਪਨਾ ਚਾਵਲਾ ਨੇ ਆਪਣੀ ਦੂਜੀ ਪੁਲਾੜ ਯਾਤਰਾ ਸ਼ੁਰੂ ਕੀਤੀ। ਇਸ 16 ਦਿਨਾਂ ਦੇ ਮਿਸ਼ਨ ਵਿੱਚ ਉਨ੍ਹਾਂ ਨੇ ਕਈ ਵਿਗਿਆਨਕ ਪ੍ਰਯੋਗ ਕੀਤੇ।
ਹਾਦਸਾ: 1 ਫਰਵਰੀ 2003 ਨੂੰ, ਜਦੋਂ ਪੁਲਾੜ ਯਾਨ ‘ਕੋਲੰਬੀਆ’ ਧਰਤੀ ਦੇ ਵਾਯੂਮੰਡਲ ਵਿੱਚ ਵਾਪਸ ਆ ਰਿਹਾ ਸੀ, ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੁਖਦਾਈ ਹਾਦਸੇ ਵਿੱਚ ਕਲਪਨਾ ਚਾਵਲਾ ਸਮੇਤ ਸਾਰੇ 7 ਪੁਲਾੜ ਯਾਤਰੀਆਂ ਦੀ ਮੌਤ ਹੋ ਗਈ।
ਭਾਰਤ ਨੇ ਆਪਣੇ ਪਹਿਲੇ ਮੌਸਮ ਵਿਗਿਆਨ ਸੈਟੇਲਾਈਟ (MetSat-1) ਦਾ ਨਾਮ ਬਦਲ ਕੇ ‘ਕਲਪਨਾ-1’ ਰੱਖਿਆ।
ਪ੍ਰਤਿਭਾ ਪਾਟਿਲ: ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ। ਪ੍ਰਤਿਭਾ ਪਾਟਿਲ ਨੇ 25 ਜੁਲਾਈ 2007 ਤੋਂ 25 ਜੁਲਾਈ 2012 ਤੱਕ ਭਾਰਤ ਦੇ 12ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਉਹ ਇਸ ਸਰਵਉੱਚ ਸੰਵਿਧਾਨਕ ਅਹੁਦੇ ’ਤੇ ਬੈਠਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ, ਉਹ ਰਾਜਸਥਾਨ ਦੀ ਪਹਿਲੀ ਮਹਿਲਾ ਰਾਜਪਾਲ (2004-2007) ਵੀ ਰਹੀ ਸੀ।
ਅੰਤਰਰਾਸ਼ਟਰੀ ਮਹਿਲਾ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਮਾਜ ਦੀ ਤਰੱਕੀ ਉਦੋਂ ਹੀ ਸੰਭਵ ਹੈ ਜੇਕਰ ਔਰਤਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਮਿਲੇ। ਚਾਹੇ ਉਹ 1925 ਵਿੱਚ ਆਈ ਮਾਤਾ ਜਵਾਲੀ ਕੌਰ ਹੋਵੇ ਜਾਂ ਅੱਜ ਦੀ ਮਨਦੀਪ ਕੌਰ, ਇਨ੍ਹਾਂ ਸਭ ਨੇ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਦਲੇਰੀ ਨਾਲ ਕਿਸੇ ਵੀ ਬਿਗਾਨੀ ਧਰਤੀ ਨੂੰ ਆਪਣਾ ਬਣਾਇਆ ਜਾ ਸਕਦਾ ਹੈ।
ਨਿਊਜ਼ੀਲੈਂਡ ਦੀ ਧਰਤੀ ’ਤੇ ਪੰਜਾਬਣਾਂ ਦਾ ਮਾਣ (ਪੰਜਾਬੀ ਵਿਰਾਸਤ)
ਨਿਊਜ਼ੀਲੈਂਡ ਵਿੱਚ ਪੰਜਾਬੀ ਮਹਿਲਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਸੰਘਰਸ਼ਪੂਰਨ ਰਿਹਾ ਹੈ।
ਪਹਿਲੀ ਪੰਜਾਬੀ ਮਹਿਲਾ (ਪਾਇਨੀਅਰ): ਮਾਤਾ ਜਵਾਲੀ ਕੌਰ ਨੂੰ ਨਿਊਜ਼ੀਲੈਂਡ ਆਉਣ ਵਾਲੀਆਂ ਪਹਿਲੀਆਂ ਪੰਜਾਬੀ ਮਹਿਲਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ 1925 ਵਿੱਚ ਆਪਣੇ ਪਤੀ ਫੁੰਮਣ ਸਿੰਘ ਕੋਲ ਨਿਊਜ਼ੀਲੈਂਡ ਪਹੁੰਚੇ ਸਨ। ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਅਤੇ ਅਗਲੀਆਂ ਪੀੜ੍ਹੀਆਂ ਨੂੰ ਸਿੱਖੀ ਵਿਰਸੇ ਨਾਲ ਜੋੜਿਆ।
ਵੱਖ-ਵੱਖ ਖੇਤਰਾਂ ਵਿੱਚ ਇਤਿਹਾਸ ਰਚਣ ਵਾਲੀਆਂ ਮਹਿਲਾਵਾਂ
ਨਿਊਜ਼ੀਲੈਂਡ ਦੇ ਉੱਚ ਅਹੁਦਿਆਂ ’ਤੇ ਬੈਠ ਕੇ ਭਾਰਤੀ ਧੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ:
ਪਹਿਲੀ ਮਹਿਲਾ ਮੇਅਰ (Mayor): ਡੈਮ ਸੁੱਖੀ ਟਰਨਰ (ਸੁੱਖਵਿੰਦਰ ਕੌਰ ਗਿੱਲ) ਲੁਧਿਆਣਾ ਵਿੱਚ ਜਨਮੀ ਸੁੱਖੀ ਟਰਨਰ 1995 ਤੋਂ 2004 ਤੱਕ ਡਿਨੇਡਿਨ ਦੀ ਮੇਅਰ ਰਹੀ। ਉਹ ਨਿਊਜ਼ੀਲੈਂਡ ਵਿੱਚ ਮੇਅਰ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਸਿੱਖ ਮਹਿਲਾ ਸੀ।
ਪਹਿਲੀ ਮਹਿਲਾ ਮੰਤਰੀ (Minister): ਪ੍ਰਿਅੰਕਾ ਰਾਧਾਕ੍ਰਿਸ਼ਨਨ। ਉਹ ਨਿਊਜ਼ੀਲੈਂਡ ਦੀ ਕੈਬਨਿਟ ਵਿੱਚ ਮੰਤਰੀ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ।
ਪੁਲਿਸ ਵਿੱਚ ਪਹਿਲੀ ਮਹਿਲਾ (Police): ਮਨਦੀਪ ਕੌਰ। ਉਹ ਨਿਊਜ਼ੀਲੈਂਡ ਪੁਲਿਸ ਵਿੱਚ ‘ਸੀਨੀਅਰ ਸਾਰਜੈਂਟ’ ਦੇ ਅਹੁਦੇ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਹੈ।
ਪਹਿਲੀ ਨਰਸ (Nursing Pioneer): ਤਾਰਾ ਸਤਿਆਨੰਦ। ਉਹ 1938 ਵਿੱਚ ਨਿਊਜ਼ੀਲੈਂਡ ਆਈ ਸੀ ਅਤੇ ਨਰਸਿੰਗ ਦੀ ਪੜ੍ਹਾਈ ਕਰਨ ਵਾਲੀਆਂ ਮੁਢਲੀਆਂ ਭਾਰਤੀ ਮਹਿਲਾਵਾਂ ਵਿੱਚੋਂ ਇੱਕ ਸੀ।
ਪਹਿਲੀ ਪੰਜਾਬੀ ਸਾਂਸਦ: ਡਾ. ਪਰਮਜੀਤ ਕੌਰ ਪਰਮਾਰ, ਜਿਨ੍ਹਾਂ ਨੇ 2014 ਵਿੱਚ ਨਿਊਜ਼ੀਲੈਂਡ ਪਾਰਲੀਮੈਂਟ ਵਿੱਚ ਪਹੁੰਚ ਕੇ ਪੰਜਾਬੀ ਭਾਈਚਾਰੇ ਦਾ ਸਿਰ ਉੱਚਾ ਕੀਤਾ।ਪਹਿਲੀ ਭਾਰਤੀ ਮਹਿਲਾ:
ਫਰੈਡਰਿਕਾ ਹੇਅ ਨਿਊਜ਼ੀਲੈਂਡ ਵਿੱਚ ਵਸਣ ਵਾਲੀਆਂ ਸਭ ਤੋਂ ਪਹਿਲੀਆਂ ਐਂਗਲੋ-ਇੰਡੀਅਨ ਔਰਤਾਂ ਵਿੱਚੋਂ ਇੱਕ ਸੀ। ਉਹ 1869 ਵਿੱਚ ਕੋਲਕਾਤਾ ਤੋਂ ਡੁਨੇਡਿਨ ਆਈ ਅਤੇ ਦੱਖਣੀ ਟਾਪੂ ਵਿੱਚ ਪਹਿਲੇ ਭਾਰਤੀ ਮੂਲ ਦੇ ਪਰਿਵਾਰਾਂ ਦੀ ਬੁਨਿਆਦ ਰੱਖੀ।
ਤਾਰਾ ਸਤਿਆਨੰਦ ਇੱਕ ਮੋਹਰੀ ਨਰਸ ਸੀ ਜੋ 1939 ਵਿੱਚ ਫਿਜੀ ਤੋਂ ਨਰਸਿੰਗ ਦੀ ਪੜ੍ਹਾਈ ਕਰਨ ਲਈ ਆਈ ਸੀ। ਉਹ ਇੱਕ ਪ੍ਰਮੁੱਖ ਭਾਈਚਾਰਕ ਆਗੂ ਬਣੀ ਅਤੇ 1974 ਵਿੱਚ ਸਥਾਪਿਤ ‘ਇੰਡੀਅਨ ਵੂਮੈਨਜ਼ ਐਸੋਸੀਏਸ਼ਨ’ ਦੀ ਪ੍ਰਧਾਨ ਵਜੋਂ ਸੇਵਾ ਨਿਭਾਈ।
ਉਹ ਨਿਊਜ਼ੀਲੈਂਡ ਦੇ ਸਾਬਕਾ ਗਵਰਨਰ-ਜਨਰਲ ਸਰ ਅਨੰਦ ਸਤਿਆਨੰਦ (Sir Anand Satyanand) ਦੀ ਮਾਤਾ ਸਨ। ਸਰ ਅਨੰਦ ਸਤਿਆਨੰਦ ਨਿਊਜ਼ੀਲੈਂਡ ਦੇ ਪਹਿਲੇ ਅਜਿਹੇ ਗਵਰਨਰ-ਜਨਰਲ ਬਣੇ ਜੋ ਏਸ਼ੀਆਈ ਅਤੇ ਪੈਸੀਫਿਕ ਮੂਲ ਦੇ ਸਨ। ਤਾਰਾ ਸਤਿਆਨੰਦ ਦਾ ਜਨਮ 1914 ਵਿੱਚ ਭਾਰਤ ਦੇ ਰਾਜ ਕੇਰਲਾ ਵਿੱਚ ਹੋਇਆ ਸੀ।
ਗਿਣਤੀ: 1916 ਦੇ ਵਿਚ 14 ਭਾਰਤੀ ਮਹਿਲਾਵਾਂ ਅਤੇ 167 ਪੁਰਸ਼ ਨਿਊਜ਼ੀਲੈਂਡ ਦੇ ਵਿਚ ਦਰਜ ਕੀਤੇ ਗਏ ਸਨ। 2023 ਦੇ ਵਿਚ ਇਹ ਗਿਣਤੀ 142,500 ਸੀ।
Click to Follow Babushahi Facebook page →