ਦੀਦਾਰ ਗੁਰਨਾ
ਰੂਪਨਗਰ, 20 ਨਵੰਬਰ 2025 : ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ.ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਤੀਬਰ ਮੁਹਿੰਮ “ਯੁੱਧ ਨਸ਼ਿਆ ਵਿਰੁੱਧ” ਤਹਿਤ ਜਿਲ੍ਹਾ ਪੁਲਿਸ ਵੱਲੋਂ ਨਸ਼ਾ ਕਰਨ ਦੇ ਆਦੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 508 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ , ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਤਿੰਨਾਂ ਹੀ ਵਿਅਕਤੀਆਂ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ
ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਦੇ ਨਾਲ ਹੀ ਜਿਲ੍ਹਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਸ਼ਰਾਰਤੀ ਤੱਤਾਂ ‘ਤੇ ਨਕੇਲ ਕੱਸਣ ਲਈ ਜਿਲ੍ਹਾ ਪੁਲਿਸ ਵੱਲੋਂ ਵਿਆਪਕ ਨਾਕਾਬੰਦੀ ਅਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦੇ ਹੋਏ ਕੁੱਲ 47 ਚਲਾਨ ਕੀਤੇ ਗਏ , ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਥਾਣਾ ਸਿਟੀ ਰੂਪਨਗਰ ਦੀ ਟੀਮ ਨੇ ਸੈਮਸੂਲ ਵਾਸੀ ਬੜੀ ਹਵੇਲੀ ਨੇੜੇ ਝੂੰਗੀਆਂ ਰੂਪਨਗਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ 508 ਗ੍ਰਾਮ ਅਫੀਮ ਬਰਾਮਦ ਕੀਤੀ , ਥਾਣਾ ਸਦਰ ਮੋਰਿੰਡਾ ਵੱਲੋਂ ਨਸ਼ਾ ਕਰਨ ਦੇ ਆਦੀ ਹਰਸ਼ ਸ਼ਰਮਾ ਵਾਸੀ ਕਾਈਨੋਰ ਨੂੰ ਕਾਬੂ ਕੀਤਾ ਗਿਆ, ਜਦਕਿ ਥਾਣਾ ਨੰਗਲ ਦੀ ਟੀਮ ਨੇ ਨਸ਼ਾ ਕਰਨ ਦੇ ਆਦੀ ਸਾਹਿਲ ਖਾਨ ਵਾਸੀ ਨਿੱਕੂ ਨੰਗਲ ਨੂੰ ਗ੍ਰਿਫਤਾਰ ਕੀਤਾ। ਇਹ ਸਭ ਮੁਕੱਦਮੇ ਐਨ.ਡੀ.ਪੀ.ਐਸ. ਐਕਟ ਅਧੀਨ ਦਰਜ ਕੀਤੇ ਗਏ ਹਨ
ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਆਪਣੇ ਇਲਾਕੇ ਵਿੱਚ ਨਸ਼ਾ ਤਸਕਰੀ ਜਾਂ ਸਮੱਗਲਿੰਗ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 (ਵਟਸਐਪ ਚੈਟਬੋਟ) ਜਾਂ ਜਿਲ੍ਹਾ ਪੁਲਿਸ ਦੇ ਨੰਬਰਾਂ ‘ਤੇ ਸੂਚਨਾ ਸਾਂਝੀ ਕੀਤੀ ਜਾਵੇ। ਜਾਣਕਾਰੀ ਸਾਂਝੀ ਕਰਨ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ