ਸਰਸ ਮੇਲੇ ਦੀ ਤੀਸਰੀ ਰਾਤ ਕਰਵਾਚੌਥ ਨੂੰ ਸਮਰਪਿਤ ਸੁਹਾਗ ਫ਼ੈਸ਼ਨ ਸ਼ੋਅ ਕਰਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
- ਮੰਨਤ ਨੂਰ, ਬਸੰਤ ਕੁਰ ਤੇ ਸਵੀਤਾਜ ਬਰਾੜ ਦੀ ਗਾਇਕੀ ਨੇ ਬੰਨਿ੍ਹਆ ਰੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਅਕਤੂਬਰ, 2024: ਜ਼ਿਲ੍ਹਾ ਪ੍ਰਸ਼ਾਸਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅਜੀਵਿਕਾ ਮਿਸ਼ਨ ਤਹਿਤ 18 ਅਕਤੂਬਰ ਤੋਂ 27 ਅਕਤੂਬਰ ਤੱਕ ਮਾਨਵ ਮੰਗਲ ਸਕੂਲ ਨੇੜੇ ਸੈਕਟਰ 88 ਦੇ ਓਪਨ ਗਰਾਊਂਡ ਵਿਖੇ ਕਰਵਾਏ ਜਾ ਰਹੇ ਜ਼ਿਲ੍ਹੇ ਦੇ ਪਹਿਲੇ ਸਰਸ ਮੇਲੇ ’ਚ ਕਲ੍ਹ ਰਾਤ ਕਰਵਾਚੌਥ ਨੂੰ ਸਮਰਪਿਤ ਸੁਹਾਗ ਫ਼ੈਸ਼ਨ ਸ਼ੋਅ ਕਰਵਾਇਆ ਗਿਆ। ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੋਨਮ ਚੌਧਰੀ ਅਨੁਸਾਰ ਇਹ ਫ਼ੈਸ਼ਨ ਸ਼ੋਅ ਸੁਹਾਗ ਅਤੇ ਸੁਹਾਗਣਾਂ ਦੀ ਥੀਮ ’ਤੇ ਅਧਾਰਿਤ ਸੀ, ਜਿਸ ਨੇ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ। ਸੰਗੀਤਕ ਸ਼ਾਮ ਦੀ ਸ਼ੁਰੂਆਤ ਪੰਜਾਬੀ ਗਾਇਕਾ ਬਸੰਤ ਕੁਰ ਨੇ ਆਪਣੇ ਚਰਚਿਤ ਗੀਤਾਂ ‘ਦੱਸ ਭਾਬੀਏ ਨੀ ਮੁੰਡਾ ਕਿਹੜੇ ਪਿੰਡ ਦਾ’, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ’, ‘ਹਾਏ ਨੀ ਮੁੰਡਾ ਵਾਰ ਗਿਆ ਨੱਚਦੀ ਦੇ ਉਤੋਂ ਪਤਾਸੇ’, ਨਾਲ ਮਾਹੌਲ ’ਚ ਰੰਗ ਬੰਨ੍ਹ ਦਿੱਤਾ। ਮਰਹੂਮ ਗਾਇਕ ਰਾਜ ਬਰਾੜ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੀ ਉਸ ਦੀ ਧੀ ਸਵਤਿਾਜ ਬਰਾੜ ਨੇ ਆਪਣੇ ਗੀਤਾਂ, ਨਾ ਨਾ ਅੰਮੀਏ ਨੀ ਤੋੜ ਦਿਓ ਇਹ ਰੋਕਾ, ਮੁੰਡਾ ਜੱਟਾਂ ਦਾ ਸ਼ੌਕੀਨ ਲੱਗ ਪਿਆ ਖਾਣ-ਪੀਣ, ਆਜਾ ਤੇਰੇ ਨਖਰੇ ਦਾ ਮੁੱਲ ਤਾਰੀਏ ਅਤੇ ਆਪਣੇ ਪਿਤਾ ਦਾ ਲਿਖਿਆ ਗਾਣਾ, ਤੂੰ ਜਿੱਤ ਗਈ ਗਿੱਧਾ ਹਾਰ ਗਿਆ, ਗਾ ਕੇ ਮੇਲੇ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ। ਸਵੀਤਾਜ ’ਤੇ ਗੀਤਾਂ ’ਤੇ ਦਰਸ਼ਕਾਂ ਨੇ ਖੂਬ ਭੰਗੜਾ ਪਾਇਆ। ਮੰਨਤ ਨੂਰ ਨੇ ਆਪਣੇ ਬਹੁਤ ਹੀ ਪਸੰਦ ਕੀਤੇ ਜਾਂਦੇ ਗਾਣੇ ‘ਤੂੰ ਲੌਂਗ ਮੈਂ ਲਾਚੀ’ ਅਤੇ ਹੋਰ ਚਰਚਿਤ ਗਾਣਿਆਂ ਨਾਲ ਸੰਗੀਤਕ ਸ਼ਾਮ ਨੂੰ ਸੰਪੂਰਨਤਾ ਦੀਆਂ ਸਿਖਰਾਂ ’ਤੇ ਪਹੁੰਚਾਇਆ। ਏ ਡੀ ਸੀ ਸੋਨਮ ਚੌਧਰੀ ਅਨੁਸਾਰ ਸੰਗੀਤਕ ਸ਼ਾਮ ਦਾ ਇੱਕ ਮੰਤਵ ਜਿੱਥੇ ਲੋਕਾਂ ਨੂੰ ਸੰਗੀਤ ਦਾ ਅਹਿਸਾਸ ਕਰਵਾਉਣਾ ਹੈ ਉੱਥੇ ਮੇਲੇ ’ਚ ਲੱਗੀਆਂ ਸਟਾਲਾਂ ’ਤੇ ਰੌਣਕ ਵੀ ਵਧਾਉਣਾ ਹੈ।