ਪਟੋਲਾ ਫਿਲਮ ਦੇ ਨਿਰਮਾਤਾ ਜੇ.ਪੀ. ਪਰਦੇਸੀ ਆਏ ਸਾਹਮਣੇ, ਕਿਹਾ ਮੇਰੀ ਫਿਲਮ ਤੋਂ ਬਾਅਦ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਲੋਕਪ੍ਰਿਅਤਾ ਆਸਮਾਨੀ ਪੁੱਜੀ
ਦੀਪਕ ਗਰਗ
ਕੋਟਕਪੂਰਾ : 5 ਮਈ 2024 : ਕੁੱਝ ਦਿਨ ਪਹਿਲਾਂ netflix ਤੇ ਰਿਲੀਜ ਹੋਈ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਤੇ ਬਣੀ ਫਿਲਮ "ਅਮਰ ਸਿੰਘ ਚਮਕੀਲਾ" ਲਗਾਤਾਰ ਚਰਚਾ ਵਿਚ ਬਣੀ ਹੋਈ ਹੈ।
ਇਸ ਫਿਲਮ ਦਾ ਕਲਾਈਮੈਕਸ ਫਿਲਮ "ਪਟੋਲਾ" ਵਾਲੇ ਚਮਕੀਲੇ ਦੇ ਅਖਾੜੇ ਤੇ ਹੂੰਦਾ ਹੈ। ਇਸ ਫਿਲਮ ਨੂੰ ਲੈਕੇ ਫਿਲਮ ਪਟੋਲਾ ਦੇ ਨਿਰਮਾਤਾ ਜੇ.ਪੀ. ਪਰਦੇਸੀ ਅਤੇ ਉਨ੍ਹਾਂ ਦਾ ਬੇਟਾ ਰਾਜੀਵ ਪਰਦੇਸੀ ਸਾਹਮਣੇ ਆਏ ਹਨ। ਇਨ੍ਹਾਂ ਨੇ ਇਤਰਾਜ ਜਾਹਿਰ ਕੀਤਾ ਕਿ ਫਿਲਮ ਅਮਰ ਸਿੰਘ ਚਮਕੀਲਾ ਦੇ ਨਿਰਮਾਤਾਵਾਂ ਨੇ ਆਪਣੀ ਫਿਲਮ ਅੰਦਰ ਸਾਡੀ ਫਿਲਮ "ਪਟੋਲਾ" ਦੇ ਅਖਾੜੇ ਦੀ ਫੁਟੇਜ ਇਸਤੇਮਾਲ ਕਰਨ ਤੋਂ ਪਹਿਲਾਂ ਸਾਡੀ ਕੋਈ ਇਜਾਜਤ ਨਹੀਂ ਲਈ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਨ ਹੈ ਕਿ ਫਿਲਮ "ਪਟੋਲਾ" ਇਤਿਹਾਸ ਬਣ ਗਈ, ਪਰ ਫਿਲਮ ਅਮਰ ਸਿੰਘ ਚਮਕੀਲਾ ਦੇ ਨਿਰਮਾਤਾ ਇਮਤਿਆਜ਼ ਅਲੀ ਨੂੰ ਆਪਣੀ ਫਿਲਮ ਵਿਚ ਪਟੋਲਾ ਫਿਲਮ ਦੀ ਫੁਟੇਜ ਇਸਤੇਮਾਲ ਕਰਨ ਤੋਂ ਪਹਿਲਾਂ ਰਸਮੀ ਤੌਰ ਤੇ ਸਾਡੀ ਇਜਾਜਤ ਲੈਣੀ ਚਾਹੀਦੀ ਸੀ।
ਉਨ੍ਹਾਂ ਇਸ ਗੱਲ ਤੇ ਵੀ ਇਤਰਾਜ ਜਤਾਇਆ ਕਿ ਕੁੱਝ ਵੈਬਸਾਈਟਾਂ ਅਤੇ ਯੂ ਟਿਊਬ ਚੈਨਲਾਂ ਤੇ ਸਾਡਾ ਪੱਖ ਜਾਣੇ ਬਿਨਾਂ ਹੀ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਅਸੀਂ ਪਟੋਲਾ ਫਿਲਮ ਦੇ ਗੀਤ "ਪਹਿਲੇ ਲਲਕਾਰੇ ਨਾਲ ਮੈਂ ਡਰ ਗਈ" ਨੂੰ ਪਟੋਲਾ ਵਾਲੇ ਚਮਕੀਲੇ ਦੇ ਅਖਾੜੇ ਦੀ ਫੁਟੇਜ ਜੋੜਕੇ ਯੋਗਰਾਜ ਸਿੰਘ ਅਤੇ ਨੀਨਾ ਸਿੱਧੂ ਨਾਲ ਦੁਬਾਰਾ ਫਿਲਮਾਕੇ ਅਗਲੀ ਫਿਲਮ "ਪੰਜਾਬ 1947" ਵਿੱਚ ਰੱਖਿਆ ਸੀ। ਪਰ ਕ੍ਰਾਂਤੀ ਸ਼ਿਵ ਸੇਨਾ ਵਲੋਂ ਇਸ ਫਿਲਮ ਦੇ ਕੁੱਝ ਸੀਨਾ ਅਤੇ ਡਾਇਲਾਗਾਂ ਤੇ ਇਤਰਾਜ ਲਗਾਕੇ ਇਸ ਫਿਲਮ ਦੀ ਸਿਨੇਮਾ ਘਰਾਂ ਅੰਦਰ ਰਿਲੀਜ਼ ਰੁਕਵਾ ਦਿੱਤੀ। ਇਹ ਬੂਟਾ ਸਿੰਘ ਤੇ ਜ਼ੈਨਬ ਦੀ ਦੁਖਾਂਤ ਪ੍ਰੇਮ ਕਹਾਣੀ ਤੇ ਬਣੀ ਪਹਿਲੀ ਪੰਜਾਬੀ ਫਿਲਮ ਸੀ, ਜਿਸਨੂੰ ਨਾਲੋਂ ਨਾਲ ਹੀ ਹਿੰਦੀ ਵਿਚ ਸਾਸੋਂ ਕੀ ਸਰਗਮ ਨਾਂਅ ਨਾਲ ਬਣਾਇਆ ਜਾ ਰਿਹਾ ਸੀ। ਬਾਅਦ ਵਿਚ ਇਸੇ ਕਹਾਣੀ ਤੇ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ( ਪੰਜਾਬੀ ) ਅਤੇ ਗਦਰ ਏਕ ਪ੍ਰੇਮ ਕਥਾ ( ਹਿੰਦੀ ) ਫਿਲਮਾਂ ਬਣੀਆਂ ਅਤੇ ਸੁਪਰ ਹਿੱਟ ਰਹੀਆਂ।
ਉਨ੍ਹਾਂ ਕਿਹਾ ਕਿ ਇਹ ਸੱਚ ਹੋ ਸਕਦਾ ਹੈ ਕਿ ਪਟੋਲਾ ਫਿਲਮ ਦੇ ਸੁਪਰ ਹਿੱਟ ਹੋਣ ਪਿੱਛੇ ਚਮਕੀਲੇ ਦੇ ਅਖਾੜੇ ਦਾ ਵੱਡਾ ਯੋਗਦਾਨ ਰਿਹਾ, ਪਰ ਇਕ ਸੱਚ ਇਹ ਵੀ ਹੈ ਕਿ ਚਮਕੀਲੇ ਦੀ ਐਨੀ ਲੋਕਪ੍ਰਿਅਤਾ ਪਿਛੇ ਵੀ ਫਿਲਮ ਪਟੋਲਾ ਦਾ ਵੱਡਾ ਯੋਗਦਾਨ ਰਿਹਾ ਹੈ। ਕਿਓਂਕਿ ਉਨ੍ਹਾਂ ਦਿਨਾਂ ਵਿਚ ਮੋਬਾਇਲ ਕੈਮਰੇ ਨਹੀਂ ਹੁੰਦੇ ਸੀ। ਜੇਕਰ ਚਮਕੀਲੇ ਦਾ ਕੋਈ ਅਖਾੜਾ ਲੱਗਦਾ ਸੀ ਤਾਂ ਉਸਦੀ ਵੀਐਚਐਸ ਰਿਕਾਰਡਿੰਗ ਸਿਰਫ ਘਰਾਂ ਤੱਕ ਹੀ ਸੀਮਤ ਰਹਿ ਜਾਂਦੀ, ਪਟੋਲਾ ਫਿਲਮ ਰਾਹੀਂ ਸਿਰਫ ਦੱਸ ਰੂਪਏ ਦੀ ਟਿਕਟ ਖਰੀਦਕੇ ਦਰਸ਼ਕਾਂ ਨੇ ਏਅਰ ਕੂਲ ਸਿਨਮਿਆਂ ਵਿੱਚ ਚਮਕੀਲੇ ਦਾ ਅਖਾੜਾ ਵੇਖਿਆ। ਪਰ ਸਾਨੂੰ ਇਸ ਗੱਲ ਦਾ ਹਮੇਸ਼ਾਂ ਅਫ਼ਸੋਸ ਰਹੇਗਾ ਕਿ ਜਿਸ ਵੇਲੇ ਪਟੋਲਾ ਫਿਲਮ ਸਿਨਮਿਆਂ ਅੰਦਰ ਸੁਪਰ ਹਿਟ ਹੋ ਰਹੀ ਸੀ। ਉਸ ਵੇਲੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਇਸ ਦੁਨੀਆ ਵਿਚ ਮੌਜੂਦ ਨਹੀਂ ਸੀ।
ਫਿਲਮ "ਅਮਰ ਸਿੰਘ ਚਮਕੀਲਾ" ਦਾ ਕਲਾਈਮੈਕਸ ਪਟੋਲਾ ਵਾਲੇ ਅਖਾੜੇ ਨਾਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਲੋਕਪ੍ਰਿਅਤਾ ਵਿਚ ਫਿਲਮ "ਪਟੋਲਾ" ਦਾ ਵੱਡਾ ਯੋਗਦਾਨ ਰਿਹਾ ਹੈ।