ਤਰਕਸ਼ੀਲ ਸੁਸਾਇਟੀ ਵਲੋਂ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
- ਇਕਾਈ ਚੋਹਲਾ ਸਾਹਿਬ ਵਲੋਂ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫਜ਼ਾਈ
- ਸੂਬਾਈ ਪੱਧਰ 'ਤੇ ਹਰ ਸਾਲ ਵਿਦਿਆਰਥੀਆਂ ਦੀ ਚੇਤਨਾ ਪਰਖ ਲਈ ਕਰਵਾਈ ਜਾਂਦੀ ਹੈ ਵਿਸ਼ੇਸ਼ ਪ੍ਰੀਖਿਆ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,11 ਫਰਵਰੀ 2025 - ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਵੱਲੋਂ ਹਰ ਸਾਲ ਸੂਬਾਈ ਪੱਧਰ 'ਤੇ ਵਿਦਿਆਰਥੀਆਂ ਦੀ ਚੇਤਨਾ ਪਰਖ ਲਈ ਵਿਸ਼ੇਸ਼ ਪ੍ਰੀਖਿਆ ਕਰਵਾਈ ਜਾਂਦੀ ਹੈ।ਇਸੇ ਕੜੀ ਤਹਿਤ ਇਕਾਈ ਚੋਹਲਾ ਸਾਹਿਬ ਵਲੋਂ ਇਸ ਇਲਾਕੇ ਦੇ ਸਕੂਲਾਂ ਵਿਚ ਜੋ ਪ੍ਰੀਖਿਆ ਕਰਵਾਈ ਗਈ ਸੀ ਉਸ ਵਿੱਚ ਭਾਗ ਲੈਣ ਵਾਲੇ ਤੇ ਜੋਨ ਪੱਧਰ ਜਾਂ ਇਕਾਈ ਪੱਧਰ 'ਤੇ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਤੇ ਸਰਟੀਫਿਕੇਟ ਦੇਣ ਲਈ ਇਕਾਈ ਚੋਹਲਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਵਲੋਂ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਕੇ ਹੌਸਲਾ ਅਫਜਾਈ ਕੀਤੀ ਤੇ ਹੋਰ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਵੀ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।ਅੱਜ ਗੁਰੂ ਅਰਜਨ ਦੇਵ ਪਬਲਿਕ ਸਕੂਲ ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਤਰਕਸ਼ੀਲ ਸੁਸਾਇਟੀ ਦੇ ਆਗੂ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਕੰਮ ਵਿਦਿਆ ਹਾਸਲ ਕਰਨਾ ਹੁੰਦਾ ਹੈ ਤੇ ਵਿਦਿਆਰਥੀਆਂ ਲਈ ਜਿੱਥੇ ਸਿਲੇਬਸ ਦੀਆਂ ਕਿਤਾਬਾਂ ਪੜਨਾ ਲਾਜ਼ਮੀ ਹੈ ਉੱਥੇ ਸਿਲੇਬਸ ਤੋਂ ਇਲਾਵਾ ਹੋਰ ਸਾਹਿਤਕ ਜਾਂ ਵਿਗਿਆਨਕ ਕਿਤਾਬਾਂ ਪੜ੍ਹਨ ਨਾਲ ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ। ਲੀਹ ਤੋਂ ਹਟ ਕੇ ਤੁਰਨ ਵਾਲੇ ਵਿਦਿਆਰਥੀ ਹਮੇਸ਼ਾਂ ਜ਼ਿੰਦਗੀ ਵਿੱਚ ਵੱਡੀਆਂ ਮੱਲਾਂ ਮਾਰਦੇ ਹਨ।
ਮਾਪਿਆਂ ਨੂੰ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਤੇ ਵਿਦਿਆਰਥੀਆਂ ਦਾ ਸਭ ਤੋਂ ਅਹਿਮ ਫਰਜ਼ ਬਣਦਾ ਹੈ ਕਿ ਹਰ ਤਰ੍ਹਾਂ ਦੇ ਨਸ਼ਿਆਂ , ਵਹਿਮਾਂ-ਭਰਮਾਂ, ਕਰਮਕਾਂਡਾਂ ਤੇ ਨਕਲਾਂ ਤੋਂ ਬਚਦੇ ਹੋਏ ਆਪਣੀ ਮਿਹਨਤ ਨਾਲ ਪਾਸ ਹੋਕੇ ਅੱਗੇ ਨਿਕਲਣ।ਜਿਸ ਦਿਨ ਵਿਦਿਆਰਥੀ ਪੜਾਈ ਪੂਰੀ ਕਰਕੇ ਸਮਾਜ ਵਿੱਚ ਵਿਚਰਦੇ ਹਨ ਤਾਂ ਉਹ ਆਪਣੀ ਬੌਧਿਕਤਾ ਨਾਲ ਸਮਾਜ ਨੂੰ ਚੰਗੀ ਸੇਧ ਦੇ ਕੇ ਸਮਾਜ ਨੂੰ ਰੂੜੀਵਾਦੀ ਕਰਮਕਾਂਡਾਂ ਵਿਚੋਂ ਕੱਢ ਸਕਦੇ ਹਨ।ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਆਗੂ ਸੁਖਵਿੰਦਰ ਸਿੰਘ ਖਾਰਾ ਨੇ ਸੁਸਾਇਟੀ ਦੀਆਂ ਨੀਤੀਆਂ,ਉਦੇਸ਼ ਤੇ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਵੱਧ ਤੋਂ ਵੱਧ ਸੁਸਾਇਟੀ ਨਾਲ ਜੁੜਨ ਦੀ ਅਪੀਲ ਕੀਤੀ।ਇਸ ਉਪਰੰਤ ਸਕੂਲ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਕੌਰ ਖਹਿਰਾ ਨੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਇਹ ਸਕੂਲ ਅੱਗੇ ਤੋਂ ਹੋਰ ਵੱਧ ਚੜ੍ਹ ਕੇ ਚੇਤਨਾ ਪਰਖ ਪਰੀਖਿਆ ਵਿੱਚ ਭਾਗ ਲਵੇਗਾ।
ਇਸ ਉਪਰੰਤ ਸੁਸਾਇਟੀ ਦੇ ਸਾਰੇ ਮੈਂਬਰ ਨਿਊ ਲਾਈਫ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਪਹੁੰਚ ਕੇ ਇਸ ਸਕੂਲ ਦੇ ਵਿਦਿਆਰਥੀਆਂ ਦੇ ਰੂਬਰੂ ਹੋਏ, ਜਿੱਥੇ ਅਵਤਾਰ ਸਿੰਘ ਗਿੱਲ,ਸੁਖਵਿੰਦਰ ਸਿੰਘ ਖਾਰਾ , ਗੁਰਨਾਮ ਸਿੰਘ ਧੁੰਨ , ਦਲਬੀਰ ਸਿੰਘ,ਬਲਬੀਰ ਸਿੰਘ ਤੇ ਪ੍ਰਿੰਸੀਪਲ ਕਸ਼ਮੀਰ ਸਿੰਘ ਸੰਧੂ ਨੇ ਸੰਬੋਧਨ ਹੁੰਦਿਆਂ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਨਾਲ ਪੜ੍ਹ ਕੇ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤੇ ਤਰਕਸ਼ੀਲ ਸਾਹਿਤ ਪੜ ਕੇ ਸਮਾਜ ਨੂੰ ਵਹਿਮਾਂ ਭਰਮਾਂ ਤੋਂ ਅਜ਼ਾਦ ਕਰਨ ਲਈ ਅਗਵਾਈ ਕਰਨ ਲਈ ਕਿਹਾ।ਅਖੌਤੀ ਬਾਬਿਆਂ ਵੱਲੋਂ ਸਮਾਜ ਦਾ ਸਰਮਾਇਆ ਤੇ ਲੋਕ ਸ਼ਕਤੀ ਦੀ ਕੀਤੀ ਜਾਂਦੀ ਦੁਰਵਰਤੋਂ ਰੋਕਣ ਲਈ ਪੜ੍ਹੇ-ਲਿਖੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਆਓ ਰਲ ਮਿਲ ਕੇ ਨਰੋਏ ਸਮਾਜ ਦੀ ਸਿਰਜਣਾ ਕਰੀਏ।ਇੱਥੇ ਸਕੂਲ ਪ੍ਰਿੰਸੀਪਲ ਸਰੋਜ ਬਾਲਾ ਵਲੋਂ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਆਖਿਰ ਤੇ ਤਰਕਸ਼ੀਲ ਸੁਸਾਇਟੀ ਦੇ ਆਗੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੋਹਲਾ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਇਕਾਈ ਅਤੇ ਜ਼ੋਨ ਪੱਧਰ 'ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਸਰਟੀਫਿਕੇਟ ਅਤੇ ਕਿਤਾਬਾਂ ਦੇ ਸੈੱਟ ਭੇਟ ਕੀਤੇ।ਇਸ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਇਸ ਪਰੀਖਿਆ ਵਿੱਚ ਭਾਗ ਲੈਂਦੇ ਆ ਰਹੇ ਹਨ ਤੇ ਸਟਾਫ ਵਲੋਂ ਪਰੀਖਿਆ ਦਾ ਸੁਚੱਜਾ ਪ੍ਰਬੰਧ ਕੀਤਾ ਜਾਂਦਾ ਹੈ।ਇਸ ਸਮੇਂ ਸਕੂਲ ਪ੍ਰਿੰਸੀਪਲ ਸੁਖਦੀਪ ਕੌਰ ਵਲੋਂ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।